ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਵਿਚ ਹੁਣ ਗਤੀ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਇਕ ਪਾਸੇ ਕੇਂਦਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਬਿਹਾਰ ਸਰਕਾਰ ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ, ਉੱਥੇ ਹੀ ਹੁਣ ਦੂਜੇ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਦੁਆਰਾ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖਾਤੇ ਤੋ ਹੋਏ ਲੈਣ-ਦੇਣ(Transaction) ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ ਸੁਸ਼ਾਂਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ ਕਰ ਰਹੀ ਹੈ।
ਦਰਅਸਲ ਰਿਆ ਉੱਤੇ ਸੁਸ਼ਾਂਤ ਸਿੰਘ ਦੇ ਅਕਾਊਂਟ ਤੋਂ 15 ਕਰੋੜ ਰੁਪਏ ਕਢਵਾਉਣ ਦਾ ਆਰੋਪ ਹੈ। ਰਿਆ ਉੱਤੇ ਇਹ ਆਰੋਪ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਲਗਾਇਆ ਹੈ। ਇਸੇ ਨੂੰ ਲੈ ਕੇ ਈਡੀ ਨੇ ਰਿਆ ਨੂੰ ਸਮਨ ਭੇਜਿਆ ਸੀ ਜਿਸ ਕਰਕੇ ਉਹ ਅੱਜ ਮੁੰਬਈ ਸਥਿਤ ਈਡੀ ਦੇ ਦਫਤਰ ਵਿਚ ਪਹੁੰਚੀ ਹੈ। ਰਿਆ ਦੇ ਨਾਲ ਉਸਦਾ ਭਰਾ ਅਤੇ ਪਿਤਾ ਵੀ ਮੌਜੂਦ ਹੈ। ਈਡੀ ਉਸ ਤੋਂ 5-6 ਘੰਟੇ ਤੱਕ ਪੁੱਛਗਿੱਛ ਕਰ ਸਕਦੀ ਹੈ। ਇਸ ਜਾਂਚ ਕਰਨ ਵਾਲੀ ਟੀਮ ਨੂੰ ਖੁਦ ਜੁਆਇੰਟ ਡਾਇਰੈਕਟਰ ਸੱਤਿਆਵਰਤ ਮਾਨੀਟਰ ਕਰ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਈਡੀ ਨੂੰ ਸ਼ੱਕ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਅਕਾਊਂਟ ਤੋਂ ਰਿਆ ਅਤੇ ਉਸ ਦੇ ਭਰਾ ਜਰੀਏ ਪੈਸਿਆਂ ਦਾ ਲੈਣ-ਦੇਣ ਹੋਇਆ ਹੈ ਜਿਸ ਨੂੰ ਲੈ ਕੇ ਉਹ ਰਿਆ ਤੋਂ ਪੁੱਛਗਿੱਛ ਕਰ ਰਹੀ ਹੈ। ਰਿਆ ਦੇ ਮੁੰਬਈ ਦੇ ਖਾਰ ਸਥਿਤ ਫਲੈਟ ਨੂੰ ਵੀ ਈਡੀ ਸ਼ੱਕ ਦੀ ਨਿਗਾਹ ਨਾਲ ਵੇਖ ਰਹੀ ਹੈ। ਈਡੀ ਨੇ ਰਿਆ ਤੋਂ ਪਹਿਲਾਂ ਉਸਦੇ ਸੀਏ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਭਾਰੀ ਬਾਰਸ਼ ਦਾ ਹਵਾਲਾ ਦਿੰਦੇ ਹੋਏ ਉਸ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਹੁਣ ਰਿਆ ਦਾ ਸੀਏ ਵੀ ਈਡੀ ਦੇ ਦਫਤਰ ਪਹੁੰਚ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਜਾਂਚ ਵਿਚ ਕੀ ਕੁੱਝ ਨਿਕਲ ਕੇ ਸਾਹਮਣੇ ਆਉਂਦਾ ਹੈ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਸਥਿਤ ਆਪਣੇ ਫਲੈਟ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਦੋਂ ਤੋਂ ਹੀ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਪਿਛਲੇ ਮਹੀਨੇ ਸੁਸ਼ਾਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਵਿਚ ਇਸ ਮਾਮਲੇ ‘ਚ ਸੁਸ਼ਾਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ FIR ਦਰਜ ਕਰਵਾਈ ਸੀ। ਸੁਸ਼ਾਂਤ ਦੇ ਪਿਤਾ ਦਾ ਆਰੋਪ ਸੀ ਕਿ ਰਿਆ ਚੱਕਰਵਰਤੀ ਨੇ ਉਸਦੇ ਬੇਟੇ ਨਾਲ ਧੋਖਾਧੜੀ ਅਤੇ ਬਲੈਕਮੇਲਿੰਗ ਕਰਨ ਦੇ ਨਾਲ ਉਸ ਨੂੰ ਆਤਮ ਹੱਤਿਆ ਲਈ ਉਕਸਾਇਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਬਿਹਾਰ ਪੁਲਿਸ ਦੀ ਟੀਮ ਜਾਂਚ ਲਈ ਮੁੰਬਈ ਗਈ ਸੀ ਪਰ ਮੁੰਬਈ ਪੁਲਿਸ ਵੱਲੋਂ ਕੋਈ ਸਹਿਯੋਗ ਨਾ ਮਿਲਣ ਕਰਕੇ ਉਹ ਵਾਪਸ ਬਿਹਾਰ ਆ ਗਈ ਹੈ। ਇਸ ਤੋਂ ਬਾਅਦ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਸੀ। ਕੇਕੇ ਸਿੰਘ ਦੀ ਬੇਨਤੀ ਉਤੇ ਬਿਹਾਰ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।
https://www.livingindianews.co.in/center-accepts-bihar-govts-recommendation-to-hand-over-sushants-suicide-probe-to-cbi-2020/
