ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ ਜਿਸ ਲਈ ਸੁਪਰੀਮ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ। ਦਰਅਸਲ ਅੱਜ ਬੁੱਧਵਾਰ ਨੂੰ ਕੋਰਟ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਉਂਦੇ ਹੋਏ ਕੇਸ ਦੀ ਜਾਂਚ ਦਾ ਅਧਿਕਾਰ ਸੀਬੀਆਈ ਨੂੰ ਦੇ ਦਿੱਤਾ ਹੈ ਅਤੇ ਬਿਹਾਰ ਵਿਚ ਦਰਜ ਐਫਆਈਆਰ ਨੂੰ ਸਹੀ ਠਹਿਰਾਇਆ ਹੈ।
ਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਸ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ ਸੀਬੀਆਈ ਨੂੰ ਸੌਪੇ ਅਤੇ ਜਾਂਚ ਵਿਚ ਸਹਿਯੋਗ ਕਰੇ। ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਮੁੰਬਈ ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਨਹੀਂ ਬਲਕਿ ਕੇਵਲ ਪੁੱਛਗਿੱਛ ਹੀ ਕੀਤੀ ਸੀ। ਕੋਰਟ ਨੇ ਬਿਹਾਰ ਵਿਚ ਦਰਜ ਐਫਆਈਆਰ ਨੂੰ ਸਹੀ ਠਹਿਰਾਉਂਦੇ ਹੋਏ ਸੀਬੀਆਈ ਨੂੰ ਇਸ ਕੇਸ ਦੀ ਜਾਂਚ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਉੱਥੇ ਹੀ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਾਬਤ ਹੋ ਗਿਆ ਹੈ ਕਿ ਬਿਹਾਰ ਪੁਲਿਸ ਨੇ ਕੁੱਝ ਵੀ ਗਲਤ ਨਹੀਂ ਕੀਤਾ। ਇਹ ਬੇਇਨਸਾਫੀ ਵਿਰੁੱਧ ਜਿੱਤ ਹੈ। ਸਾਨੂੰ ਭਰੋਸਾ ਹੈ ਕਿ ਸੁਸ਼ਾਂਤ ਨੂੰ ਇਨਸਾਫ ਜਰੂਰ ਮਿਲੇਗਾ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਸਥਿਤ ਆਪਣੇ ਫਲੈਟ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਦੋਂ ਤੋਂ ਹੀ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਰਹੀ ਸੀ ਪਰ ਪਿਛਲੇ ਮਹੀਨੇ ਸੁਸ਼ਾਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਵਿਚ ਇਸ ਮਾਮਲੇ ‘ਚ ਸੁਸ਼ਾਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ FIR ਦਰਜ ਕਰਵਾਈ ਸੀ। ਸੁਸ਼ਾਂਤ ਦੇ ਪਿਤਾ ਦਾ ਆਰੋਪ ਸੀ ਕਿ ਰਿਆ ਚੱਕਰਵਰਤੀ ਨੇ ਉਸਦੇ ਬੇਟੇ ਨਾਲ ਧੋਖਾਧੜੀ ਅਤੇ ਬਲੈਕਮੇਲਿੰਗ ਕਰਨ ਦੇ ਨਾਲ ਉਸ ਨੂੰ ਆਤਮ ਹੱਤਿਆ ਲਈ ਉਕਸਾਇਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਬਿਹਾਰ ਪੁਲਿਸ ਦੀ ਟੀਮ ਜਾਂਚ ਲਈ ਮੁੰਬਈ ਗਈ ਸੀ ਪਰ ਮੁੰਬਈ ਪੁਲਿਸ ਵੱਲੋਂ ਕੋਈ ਸਹਿਯੋਗ ਨਾ ਮਿਲਣ ਅਤੇ ਬਿਹਾਰ ਪੁਲਿਸ ਦੇ ਇਕ ਅਧਿਕਾਰੀ ਨੂੰ ਕੁਆਰੰਟੀਨ ਕਰਨ ਕਰਕੇ ਉਹ ਵਾਪਸ ਬਿਹਾਰ ਆ ਗਈ ਸੀ। ਇਸ ਤੋਂ ਬਾਅਦ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਸੀ। ਕੇਕੇ ਸਿੰਘ ਦੀ ਬੇਨਤੀ ਉਤੇ ਬਿਹਾਰ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਉੱਥੇ ਹੀ ਰਿਆ ਚੱਕਰਵਰਤੀ ਨੇ ਇਸ ਮਾਮਲੇ ਦੀ ਜਾਂਚ ਕੇਵਲ ਮੁੰਬਈ ਪੁਲਿਸ ਤੋਂ ਕਰਵਾਉਣ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ, ਇਸ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਸਾਰੀਆਂ ਧੀਰਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਸਾਰੀਆਂ ਧੀਰਾਂ ਨੇ ਬੀਤੇ ਵੀਰਵਾਰ ਨੂੰ ਆਪਣਾ ਜਵਾਬ ਦਾਖਲ ਕਰ ਦਿੱਤਾ ਸੀ ਅਤੇ ਅੱਜ ਇਸ ਮਾਮਲੇ ਵਿਚ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆ ਸੀਬੀਆਈ ਨੂੰ ਜਾਂਚ ਲਈ ਹਰੀ ਝੰਡੀ ਦੇ ਦਿੱਤੀ ਹੈ।
