ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਨਾਲ ਸੀਮਾ ਉੱਤੇ ਚੱਲ ਰਹੇ ਵਿਵਾਦ ਵਿਚਾਲੇ ਭਾਰਤ ਸਰਕਾਰ ਨੇ ਬੀਤੇ ਬੁੱਧਵਾਰ ਨੂੰ ਇਕ ਵੱਡਾ ਫੈਸਲਾ ਲੈਂਦਿਆਂ ਮੋਬਾਇਲ ਗੇਮ ਪਬਜੀ ਸਮੇਤ ਕੁੱਲ 118 ਐਪਸ ਨੂੰ ਬੈਨ ਕਰ ਦਿੱਤਾ ਸੀ। ਭਾਰਤ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਚੀਨ ਬਖਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਇਸ ਕਦਮ ਨੂੰ ਚੀਨੀ ਕਾਰੋਬਾਰੀਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸਮਾਚਾਰ ਏਜੰਸੀ ਰਾਇਟਰਸ ਨੇ ਵਣਜ ਮੰਤਰਾਲੇ ਦੇ ਹਵਾਲਿਓ ਦੱਸਿਆ ਹੈ ਕਿ ”ਭਾਰਤ ਦੁਆਰਾ ਜਿਹੜੇ ਵੀ ਮੋਬਾਇਲ ਐਪਸ ਉੱਤੇ ਪਾਬੰਦੀ ਲਗਾਈ ਗਈ ਹੈ, ਉਸ ਨਾਲ ਚੀਨੀ ਨਿਵੇਸ਼ਕਾਂ ਅਤੇ ਸਰਵਿਸ ਪ੍ਰੋਵਾਈਡਰਜ਼ ਦੇ ਹਿੱਤਾਂ ਨੂੰ ਸੱਟ ਪਹੁੰਚੀ ਹੈ। ਚੀਨ ਇਸ ਮਸਲੇ ਉੱਤੇ ਬਹੁਤ ਗੰਭੀਰ ਹੈ ਅਤੇ ਇਸ ਦਾ ਸਖਤ ਵਿਰੋਧ ਕਰਦਾ ਹੈ”।
ਦੱਸ ਦਈਏ ਕਿ ਬੀਤੇ ਦਿਨ ਭਾਰਤ ਸਰਕਾਰ ਦੇ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਮੋਬਾਇਲ ਗੇਮ ਪਬਜੀ ਸਮੇਤ 188 ਮੋਬਾਇਲ ਐਪਸ ਉੱਤੇ ਪਾਬੰਦੀ ਲਗਾਉਣ ਬਾਰੇ ਜਾਣਕਾਰੀ ਦਿੱਤੀ ਸੀ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਐਪਸ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ, ਦੇਸ਼ ਦੀ ਰੱਖਿਆ, ਸੂਬਿਆ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਸਨ। ਐਪਸ ਉੱਤੇ ਪਾਬੰਦੀ ਲਗਾਾਉਣ ਵਾਲਾ ਇਹ ਕਦਮ ਤੀਜੀ ਵਾਰ ਉਠਾਇਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਜੂਨ ਦੇ ਅਖੀਰ ਵਿਚ ਟਿਕ-ਟੋਕ ਸਮੇਤ 47 ਚੀਨੀ ਐਪਸ ਬੈਨ ਕਰ ਦਿੱਤੇ ਸਨ ਅਤੇ ਉਸ ਦੇ ਬਾਅਦ ਜੁਲਾਈ ਦੇ ਅੰਤ ਵਿਚ 59 ਚੀਨੀ ਐਪਸ ਨੂੰ ਬੈਨ ਕੀਤਾ ਗਿਆ ਸੀ। ਸਰਕਾਰ ਨੇ ਇਸ ਫੈਸਲੇ ਪਿੱਛੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਸੀ।
