ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਕੋਰੋਨਾ ਨੇ ਹੁਣ ਤੱਕ 5 ਲੱਖ ਤੋਂ ਜਿਆਦਾ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਜਦਕਿ 26 ਹਜ਼ਾਰ ਕੋਰੋਨਾ ਪੀੜਤਾਂ ਦੀ ਜਾਨਾਂ ਵੀ ਜਾ ਚੁੱਕੀਆਂ ਹਨ। ਚੀਨ ਤੋਂ ਬਾਅਦ ਸੱਭ ਤੋਂ ਜਿਆਦਾ ਕਹਿਰ ਕੋਰਨਾ ਨੇ ਇਟਲੀ ਵਿਚ ਮਚਾਇਆ ਹੈ ਇੱਥੇ ਇਕ ਦਿਨ ਵਿਚ ਹੀ 900 ਤੋਂ ਵੱਧ ਲੋਕਾਂ ਦੀ ਜਾਨ ਚੁੱਕੀ ਹੈ ਜਦਕਿ ਸੰਯੁਕਤ ਰਾਜ ਅਮਰੀਕਾ ਵਿਚ ਕੋਰੋਨਾ ਦੇ ਕੇਸ ਵੱਧ ਕੇ 1 ਲੱਖ ਤੱਕ ਪਹੁੰਚ ਗਏ ਹਨ।
ਜਾਣਕਾਰੀ ਮੁਤਾਬਕ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਵੱਧ ਕੇ 5,66,269 ਹੋ ਚੁੱਕੀ ਹੈ ਜਦਕਿ 26,350 ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ। ਉੱਥੇ ਹੀ ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਪ੍ਰਕੋਪ ਇਟਲੀ ਵਿਚ ਦਿਖਾਇਆ ਹੈ ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਹੀ 900 ਤੋਂ ਜਿਆਦਾ ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋਈ ਹੈ ਜੋ ਕਿ ਹੁਣ ਤੱਕ ਦਾ ਸੱਭ ਤੋਂ ਵੱਡਾ ਅੰਕੜਾ ਹੈ ਜਦਕਿ ਇੱਥੇ 9 ਹਜ਼ਾਰ ਨਵੇਂ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 86,498 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 9100 ਤੱਕ ਪਹੁੰਚ ਗਿਆ ਹੈ। ਦੁਨੀਆ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਵੀ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਇੱਥੇ ਕੇਵਲ ਪਿਛਲੇ 24 ਘੰਟਿਆਂ ਦੌਰਾਨ ਹੀ 18 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 345 ਲੋਕਾਂ ਦੀ ਮੌਤ ਵੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਹੁਣ 1 ਲੱਖ ਤੱਕ ਪਹੁੰਚ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 1500 ਤੋਂ ਵੀ ਜਿਆਦਾ ਹੋ ਗਿਆ ਹੈ।
ਦੱਸ ਦਈਏ ਕਿ ਇਸ ਜਾਨਲੇਵਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ। ਚੀਨ ਵਿਚ ਵੀ ਕੁੱਲ 81,394 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 3295 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

