ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ਵਿਚ ਰਾਸ਼ਟਰਪਤੀ ਅਹੁੱਦੇ ਲਈ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾ-ਸ਼ੋਰਾਂ ਉੱਤੇ ਚੱਲ ਰਹੀਆਂ ਹਨ। ਇਸੇ ਤਹਿਤ ਡੈਮੋਕ੍ਰੇਟਿਕ ਪਾਰਟੀ ਨੇ ਮੰਗਲਵਾਰ ਰਾਤ ਨੂੰ ਅਧਿਕਾਰਿਕ ਤੌਰ ਉੱਤੇ ਜੋ ਬਿਡੇਨ ਨੂੰ ਰਾਸ਼ਟਰਪਤੀ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜੋ ਕਿ ਮੌਜੂਦ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਟੱਕਰ ਦੇਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਐਲਾਨ ਪਾਰਟੀ ਦੇ ਚਾਰ ਦਿਵਸੀ ਰਾਸਟਰੀ ਸੰਮੇਲਨ ਵਿਚ ਹੋਇਆ। ਇਸ ਦੌਰਾਨ ਸਾਬਕਾ ਅਤੇ ਮੌਜੂਦਾ ਡੈਮੋਕ੍ਰੇਟਿਕ ਲੀਡਰਾਂ ਅਤੇ ਸਪੀਕਰਾਂ ਨੇ ਬਿਡੇਨ ਨੂੰ ਆਪਣਾ ਸਮੱਰਥਨ ਦਿੱਤਾ। ਇਸ ਅਧਿਕਾਰਕ ਐਲਾਨ ਤੋਂ ਬਾਅਦ ਜੋ ਬਿਡੇਨ ਨੇ ਕਿਹਾ ਹੈ ਕਿ ”ਰਾਸ਼ਟਰਪਤੀ ਅਹੁੱਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਨ ਮੇਰੀ ਜ਼ਿੰਦਗੀ ਲਈ ਮਾਣ ਵਾਲੀ ਗੱਲ ਹੈ”। ਹਾਲਾਂਕਿ ਉਨ੍ਹਾਂ ਦੇ ਨਾਮ ਇਨ੍ਹਾਂ ਚੋਣਾਂ ਲਈ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਪਰ ਇਸ ਦਾ ਅਧਿਕਾਰਕ ਤੌਰ ਉੱਤੇ ਐਲਾਨ ਹੋਣਾ ਬਾਕੀ ਸੀ।
ਰਿਪੋਰਟਾਂ ਅਨੁਸਾਰ ਜੋ ਬਿਡੇਨ ਪਹਿਲਾਂ ਵੀ ਦੋ ਵਾਰ ਰਾਸ਼ਟਰਪਤੀ ਅਹੁੱਦੇ ਦਾ ਉਮੀਦਵਾਰ ਬਣਨ ਦੀ ਰੇਸ ਵਿਚ ਰਹਿ ਚੁੱਕੇ ਹਨ ਪਰ ਤੀਜੀ ਵਾਰ ਜਾ ਕੇ ਉਨ੍ਹਾਂ ਨੂੰ ਹੁਣ ਕਾਮਯਾਬੀ ਮਿਲੀ ਹੈ। ਇਸ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਟੀ ਨੇ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉੱਪ-ਰਾਸ਼ਟਰਪਤੀ ਅਹੁੱਦੇ ਦਾ ਉਮੀਦਵਾਰ ਬਣਾਇਆ ਸੀ ਅਤੇ ਜੋ ਬਿਡੇਨ ਨੇ ਖੁਦ ਉਨ੍ਹਾਂ ਦੇ ਨਾਮ ਦੀ ਘੋਸ਼ਣਾ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਸਾਲ 3 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਹੋਣੀ ਹੈ ਜਿਸ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ ਅਤੇ ਚੋਣ ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ ਹੈ।
