ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਟੈਸਟਾਂ ਕਰਵਾਉਣ ਲਈ ਉਤਸ਼ਾਹਤ ਕਰਨ ਵਾਸਤੇ ਗਰੀਬਾਂ ਪਰਿਵਾਰਾਂ ਨੂੰ ਘਰੇਲੂ ਏਕਾਂਤਵਾਸ ਦੌਰਾਨ ਮੁਫਤ ਖਾਣੇ ਦੇ ਪੈਕੇਟ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਆਪਣੀ ਰੋਜ਼ਾਨਾ ਦੀ ਦਿਹਾੜੀ ਖੁੰਝ ਜਾਣ ਦੇ ਡਰੋਂ ਟੈਸਟ ਕਰਵਾਉਣ ਤੋਂ ਟਾਲਾ ਵੱਟ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਖਾਣੇ ਦੇ ਪੈਕੇਟਾਂ ਦੀ ਵੰਡ ਗਰੀਬਾਂ ਪਰਿਵਾਰਾਂ ਨੂੰ ਜਲਦੀ ਟੈਸਟ ਕਰਵਾਉਣ ਲਈ ਉਤਸ਼ਾਹਤ ਕਰੇਗੀ ਜਿਹੜੀ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਹੀ ਪੰਜਾਬ ਵਿੱਚ ਵਧਦੀ ਮੌਤ ਦਰ ‘ਤੇ ਵੀ ਰੋਕ ਲੱਗੇਗੀ। ਸੀਐਮ ਕੈਪਟਨ ਮੁਤਾਬਕ ਪਟਿਆਲਾ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ ਜਿਹੜਾ ਕਿ ਝੂਠੇ ਪ੍ਰਚਾਰ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿਆਂ ਵਿੱਚੋਂ ਇਕ ਹੈ। ਉਨ੍ਹਾਂ ਬਾਕੀ ਜ਼ਿਲਿਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਘਰੇਲੂ ਏਕਾਂਤਵਾਸ ਉਤੇ ਗਏ ਗਰੀਬ ਕੋਵਿਡ ਮਰੀਜ਼ਾਂ ਨੂੰ ਇਸੇ ਤਰ੍ਹਾਂ ਮੁਫਤ ਖਾਣੇ ਦੇ ਪੈਕੇਟ ਵੰਡਣ ਦਾ ਪ੍ਰਬੰਧ ਕਰਨ ਤਾਂ ਜੋ ਉਨ੍ਹਾਂ ਨੂੰ ਜਲਦੀ ਟੈਸਟ ਲਈ ਉਤਸ਼ਾਹਤ ਕੀਤਾ ਜਾਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਸੁਝਾਅ ਸਵਿਕਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾਂ ਕਾਂਗਰਸ ਕਮੇਟੀਆਂ ਤੇ ਸਥਾਨਕ ਵਿਧਾਇਕ ਇਹ ਪੈਕੇਟ ਵੰਡਣ ਵਿੱਚ ਜ਼ਿਲਾ ਪ੍ਰਸ਼ਾਸਨ ਦੀ ਮੱਦਦ ਕਰਨਗੇ। ਮੁੱਖ ਮੰਤਰੀ ਨੇ ਇਹ ਗੱਲ ਮੰਤਰੀਆਂ ਤੇ ਵਿਧਾਇਕਾਂ ਸਣੇ ਚੁਣੇ ਹੋਏ ਨੁਮਾਇੰਦਿਆਂ ਤੇ ਸੀਨੀਅਰ ਅਫਸਰਾਂ ਨਾਲ ਵਰਚੁਅਲ (ਵੀਡਿਓ ਕਾਨਫਰੰਸ) ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ।
ਇਹ ਮਹਿਸੂਸ ਕਰਦਿਆਂ ਕਿ ਲੋਕ ਹਸਪਤਾਲਾਂ ਵਿੱਚ ਭਰਤੀ ਹੋਣ ਤੋਂ ਡਰਦੇ ਹਨ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਡਰ ਦਾ ਮੁਕਾਬਲਾ ਕਰਨ ਲਈ ਘਰੇਲੂ ਏਕਾਂਤਵਾਸ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਵਿਤਕਰੇਬਾਜ਼ੀ ਤੋਂ ਬਚਾਉਣ ਲਈ ਕੋਵਿਡ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਵੀ ਉਤਾਰਨ ਦਾ ਫੈਸਲਾ ਕੀਤਾ ਹੈ।
