ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਗ ਉਨ ਨੇ ਇਕ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਆਪਣੇ ਦੇਸ਼ ਦੇ ਲੋਕਾਂ ਨੂੰ ਭੁੱਖਮਰੀ ਦੂਰ ਕਰਨ ਲਈ ਪਾਲਤੂ ਕੁੱਤਿਆਂ ਨੂੰ ਮਾਰ ਕੇ ਖਾਣ ਦਾ ਹੁਕਮ ਦਿੱਤਾ ਹੈ। ਦਰਅਸਲ ਇਸ ਸਮੇਂ ਉੱਤਰ ਕੋਰੀਆ ਖਾਣੇ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਰਕੇ ਕਿਮ ਜੌਗ ਨੇ ਦੇਸ਼ ਵਿਚ ਅਨਾਜ ਉਗਾਉਣ ਜਾ ਖੇਤੀਬਾੜੀ ਕਿਤੇ ਨੂੰ ਉਤਸ਼ਾਹਤ ਕਰਨ ਦੀ ਥਾਂ ਇਹ ਨਵਾਂ ਫਰਮਾਨ ਜਾਰੀ ਕੀਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕਿਮ ਜੌਗ ਉਨ ਨੇ ਇਸ ਸਾਲ ਜੁਲਾਈ ਵਿਚ ਆਪਣੇ ਦੇਸ਼ ਅੰਦਰ ਕੁੱਤ ਨੂੰ ਪਾਲਣਾ ਗੈਰ-ਕਾਨੂੰਨੀ ਐਲਾਨ ਦਿੱਤਾ ਸੀ। ਵਫਾਦਾਰ ਜਾਨਵਰ ਮੰਨੇ ਜਾਂਦੇ ਕੁੱਤਿਆਂ ਸਬੰਧੀ ਹੁਕਮ ਜਾਰੀ ਕਰਦੇ ਹੋਏ ਕਿਮ ਨੇ ਕਿਹਾ ਸੀ ਕਿ ਜੇਕਰ ਕਿਸੇ ਦੇ ਘਰ ਵਿਚ ਪਾਲਤੂ ਕੁੱਤੇ ਪਾਏ ਗਏ ਤਾਂ ਇਹ ਮੰਨਿਆ ਜਾਵੇਗਾ ਕਿ ਉਸ ਦਾ ਝੁਕਾਅ ਪੂੰਜੀਵਾਦ ਵਿਚਾਰਧਾਰਾ ਵੱਲ ਹੈ। ਕਿਮ ਦੇ ਇਸ ਹੁਕਮ ਤੋਂ ਬਾਅਦ ਕੁੱਤੇ ਪਾਲਣ ਵਾਲੇ ਮਾਲਕ ਡਰੇ ਹੋਏ ਹਨ। ਪ੍ਰਸ਼ਾਸਨ ਇਨ੍ਹਾਂ ਲੋਕਾਂ ਨੂੰ ਆਪਣੇ ਪਾਲਤੂ ਕੁੱਤੇ ਦੇਣ ਉੱਤੇ ਮਜ਼ਬੂਰ ਕਰ ਰਿਹਾ ਹੈ। ਕੁੱਤਿਆਂ ਨੂੰ ਸਰਕਾਰੀ ਚਿੜੀਆਂ ਘਰਾਂ ਵਿਚ ਰੱਖਿਆ ਜਾ ਰਿਹਾ ਹੈ ਅਤੇ ਇੱਥੋਂ ਕੁੱਤਿਆਂ ਦਾ ਮਾਸ ਪਰੋਸਨ ਵਾਲੇ ਰੈਸਟੂਰੈਂਟਾਂ ਨੂੰ ਵੇਚਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਉੱਤਰ ਕੋਰੀਆ ਦੇ 60 ਫੀਸਦੀ ਅਬਾਦੀ ਖਾਣੇ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਕੋਰੀਆਈ ਦੀਪ ਉੱਤੇ ਕੁੱਤਿਆਂ ਦੇ ਮਾਸ ਨੂੰ ਪਸੰਦ ਕੀਤਾ ਜਾਂਦਾ ਹੈ ਪਰ ਦੱਖਣੀ ਕੋਰੀਆ ਵਿਚ ਹੁਣ ਇਸ ਦੀ ਮੰਗ ਘੱਟ ਗਈ ਹੈ।ਉੱਥੇ ਹੀ ਉੱਤਰ ਕੋਰੀਆ ਉੱਤੇ ਲੱਗੀਆਂ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਉੱਥੇ ਭੁੱਖਮਰੀ ਦਾ ਸੰਕਟ ਵੱਧ ਗਿਆ ਹੈ। ਇੱਥੇ ਜ਼ਿਆਦਾਤਰ ਅਨਾਜ ਚੀਨ ਤੋਂ ਹੀ ਆਉਂਦਾ ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਬੰਦ ਪਏ ਬਾਰਡਰਾਂ ਕਰਕੇ ਇਸ ਦੀ ਸਪਲਾਈ ਵਿਚ ਕਾਫੀ ਵਿਘਨ ਪਈ ਹੈ।
