ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਬਜ਼ੁਰਗ ਮਾਪਿਆਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀਆਂ ਖਬਰਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ। ਦਰਅਸਲ ਇਨਸਾਨੀਅਤ ਨੂੰ ਸ਼ਮਸਾਰ ਕਰਨ ਵਾਲੀ ਅਜਿਹੀ ਹੀ ਇਕ ਹੋਰ ਘਟਨਾ ਹੁਣ ਰੂਪਨਗਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਕਲਯੁੱਗੀ ਪੁੱਤ ਅਤੇ ਨੂੰਹ ਨੇ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਮਾਰਕੁੱਟ ਕੇ ਰਾਤ ਦੇ ਹਨੇਰੇ ਵਿਚ ਹਾਈਵੇ ਉੱਤੇ ਸੁੱਟ ਦਿੱਤਾ। ਇਸ ਤੋਂ ਬਾਅਦ ਸੜਕ ਉੱਤੇ ਲੰਘਦੇ ਇਕ ਰਾਹਗੀਰ, ਜੋ ਕਿ ਇਕ ਸਮਾਜਸੇਵੀ ਸੰਸਥਾ ਨਾਲ ਜੁੜਿਆ ਹੋਇਆ ਹੈ, ਨੇ ਪੀੜਤ ਬਜ਼ੁਰਗ ਮਾਤਾ ਦੀ ਹਾਲਤ ਵੇਖੀ ਅਤੇ ਉਸ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ।
ਜਾਣਕਾਰੀ ਅਨੁਸਾਰ ਬਜ਼ੁਰਗ ਮਾਤਾ ਦੀ ਪਹਿਚਾਣ ਕਲਪਨਾ ਨਾਮ ਤੋਂ ਹੋਈ ਹੈ ਜੋ ਕਿ ਰੂਪਨਗਰ ਦੇ ਦੁੱਗਰੀ ਦੀ ਰਹਿਣ ਵਾਲੀ ਹੈ। ਪੀੜਤ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਅਤੇ ਵੱਡੇ ਬੇਟੇ ਤੇ ਨੂੰਹ ਵੱਲੋਂ ਉਸ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਅਤੇ ਡੰਡੇ ਮਾਰ ਕੇ ਸਿਰ ਤੱਕ ਫਾੜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਦਵਾਈ ਦਿਵਾਉਣ ਦੇ ਬਹਾਨੇ ਘਰੋਂ ਬਾਹਰ ਲਿਜਾਇਆ ਗਿਆ ਅਤੇ ਰੋਡ ਉੱਤੇ ਸੁੱਟ ਦਿੱਤਾ ਗਿਆ। ਬੁਜ਼ਰਗ ਮਾਤਾ ਮੁਤਾਬਕ ਪਿਛਲੇ ਇਕ ਹਫਤੇ ਤੋਂ ਇਸੇ ਤਰ੍ਹਾ ਉਸ ਨਾਲ ਮਾਰ ਕੁੱਟ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ ਸੀ। ਮਾਤਾ ਨੇ ਅੱਗੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਦਾ ਨਾਮ ਰਾਜੂ ਹੈ ਜੋ ਕਿ ਇੱਟਾਂ ਦੇ ਪੱਠੇ ਉੱਤੇ ਟਰੈਕਟਰ ਚਲਾਉਂਦਾ ਹੈ। ਮਾਤਾ ਨੇ ਮੰਗ ਕੀਤੀ ਉਸ ਨਾਲ ਕੁੱਟਮਾਰ ਕਰਨ ਵਾਲੇ ਉਸ ਦੇ ਲੜਕੇ ਅਤੇ ਨੂੰਹ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਹੀ ਦੂਜੇ ਪਾਸੇ ਬਜ਼ੁਰਗ ਮਾਤਾ ਨੂੰ ਹਸਪਤਾਲ ਵਿਚ ਪਹੁੰਚਾਉਣ ਵਾਲੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਾਤਾ ਰੋਡ ਉੱਤੇ ਬਹੁਤ ਬੁਰੀ ਹਾਲਤ ਵਿਚ ਪਈ ਸੀ ਜਿਸ ਤੋਂ ਬਾਅਦ ਉਸ ਨੇ 100 ਨੰਬਰ ਉੱਤੇ ਕਾਲ ਕੀਤੀ ਅਤੇ ਪੀਸੀਆਰ ਆਉਣ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ । ਪਹਿਲਾਂ ਇਨਸਾਨੀਅਤ ਨਾਮਕ ਸੰਸਥਾ ਦੇ ਵਲੰਟੀਅਰ ਪਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਬਜ਼ੁਰਗ ਮਾਤਾ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕੀਤੀ ਜਾਵੇਗੀ।
ਉੱਥੇ ਹੀ ਇਸ ਪੂਰੀ ਘਟਨਾ ਦਾ ਪੰਜਾਬ ਮਹਿਲਾ ਕਮੀਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਨੇ ਲਿਵਿੰਗ ਇੰਡੀਆ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਹ ਖੁਦ ਮਾਤਾ ਜੀ ਨੂੰ ਮਿਲਣ ਹਸਪਤਾਲ ਜਾਵੇਗੀ ਅਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ।

