ਅੱਜ ਮਨਾਇਆ ਜਾ ਰਿਹਾ ਹੈ ਸਾਰਾਗੜ੍ਹੀ ਦਿਵਸ, 21 ਸਿੱਖ ਫੌਜੀਆਂ ਨੇ 10 ਹਜ਼ਾਰ ਅਫਗਾਨਾਂ ਦੇ ਦੰਦ ਕੀਤੇ ਸੀ ਖੱਟੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਮਨਾਇਆ ਜਾ ਰਿਹਾ ਹੈ। 12 ਸਤੰਬਰ ਦਾ ਦਿਨ ਇਤਿਹਾਸ ਵਿਚ ਉਹ ਮਹਾਨ ਦਿਨ ਹਾ ਜਦੋਂ ਸੰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਮਨਾਇਆ ਜਾ ਰਿਹਾ ਹੈ। 12 ਸਤੰਬਰ ਦਾ ਦਿਨ ਇਤਿਹਾਸ ਵਿਚ ਉਹ ਮਹਾਨ ਦਿਨ ਹਾ ਜਦੋਂ ਸੰਨ 1897 ਵਿਚ ਸਾਰਾਗੜ੍ਹੀ(ਪਾਕਿਸਤਾਨ) ਵਿਖੇ 36 ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫੌਜੀਆਂ ਨੇ 10 ਹਜ਼ਾਰ ਦੇ ਕਰੀਬ ਅਫਗਾਨਾ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਅਤੇ ਉਨ੍ਹਾਂ ਨੂੰ ਧੂਲ ਚਟਾ ਦਿੱਤੀ ਸੀ।

ਦਰਅਸਲ ਸਾਰਾਗੜ੍ਹੀ ਦਾ ਕਿੱਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾਂਤ ਇਲਾਕੇ ਦੇ ਕੋਹਾਟ ਜ਼ਿਲੇ ਵਿਚ ਲਗਭਗ 6 ਹਜ਼ਾਰ ਫੁੱਟ ਦੀ ਉੱਚਾਈ ਉੱਤੇ ਸਥਿਤ ਹੈ। 1891 ਵਿਚ ਅੰਗ੍ਰੇਜ਼ਾਂ ਨੂੰ ਕਈਂ ਕੋਸ਼ਿਸ਼ਾਂ ਤੋਂ ਬਾਅਦ ਗੁਲਿਸਤਾਨ, ਲਾਕਹਾਰਟ ਅਤੇ ਸਾਰਾਗੜ੍ਹੀ ਵਿਚ ਤਿੰਨ ਛੋਟੇ ਕ੍ਰਿਲ੍ਹੇ ਬਣਾਉਣ ਦੀ ਇਜਾਜ਼ਤ ਮਿਲ ਗਈ ਪਰ ਫਿਰ ਵੀ ਸਥਾਨਕ ਅਫਗਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸਾਲ 1897 ਵਿਚ ਅਫਗਾਨਾਂ ਨੇ ਸਾਰਾਗੜ੍ਹੀ ਦੇ ਕਿਲ੍ਹੇ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਕਈ ਹਮਲੇ ਕੀਤੇ ਪਰ 36ਵੀਂ ਸਿੱਖ ਰੈਜੀਮੈਂਟ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮਯਾਬ ਕਰ ਦਿੱਤਾ। ਅਖੀਰ ਵਿਚ 12 ਸਤੰਬਰ 1897 ਵਿਚ 10 ਹਜ਼ਾਰ ਅਫਗਾਨੀ ਕਬਾਇਲੀਆਂ ਨੇ ਸਾਰਾਗੜ੍ਹੀ ਦੇ ਕਿੱਲ੍ਹੇ ਉੱਤੇ ਹਮਲਾ ਕਰ ਦਿੱਤਾ।

ਸਿੰਗਨਲ ਇੰਚਾਰਜ ਗੁਰਮੁੱਖ ਸਿੰਘ ਨੇ ਅੰਗ੍ਰੇਜ ਫੌਜੀ ਅਫਸਰ ਕਰਨਲ ਹਾਨ ਹਾਫਟਨ ਨੂੰ ਦੁਸ਼ਮਣਾਂ ਦੇ ਚੜ੍ਹ ਕੇ ਆਉਣ ਬਾਰੇ ਜਾਣਕਾਰੀ ਦਿੱਤੀ ਪਰ ਇੰਨੀ ਜਲਦੀ ਮਦਦ ਪਹੁੰਚਾਉਣਾ ਮੁਸ਼ਕਿਲ ਸੀ। ਸੈਨਿਕਾਂ ਨੂੰ ਮੋਰਚੇ ਉੱਤੇ ਡਟੇ ਰਹਿਣ ਦਾ ਹੁਕਮ ਮਿਲਿਆ ਜਿਸ ਤੋਂ ਬਾਅਦ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਨੇ ਡੱਟ ਕੇ ਦੁਸ਼ਮਣ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ।ਸ਼ੁਰੂਆਤ ਵਿਚ ਹੀ ਸਿਪਾਹੀ ਭਗਵਾਨ ਸਿੰਘ ਦੁਸ਼ਮਣਾਂ ਦੀ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਏ ਪਰ ਸਿੱਖ ਜਵਾਨਾਂ ਨੇ ਹੌਸਲਾ ਨਾ ਛੱਡਿਆ।

ਅਫਗਾਨਾਂ ਨੇ ਕਿਲੇ ਉੱਤੇ ਕਬਜ਼ਾ ਕਰਨ ਲਈ ਸ਼ੁਰੂ ਵਿਚ ਦੀਵਾਰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਉੱਥੇ ਹੀ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਸਾਰੇ ਸਿੱਖ ਸੈਨਿਕ ਮੌਕੇ ਉੱਤੇ ਬਣਾਈ ਆਪਣੀ ਰਣਨੀਤੀ ਤਹਿਤ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ ਅਤੇ ਲੜਦੇ-ਲੜਦੇ ਸਵੇਰ ਤੋਂ ਸ਼ਾਮ ਹੋ ਗਈ। ਲਗਾਤਾਰ ਸੱਤ ਘੰਟੇ ਜੰਗ ਚੱਲਣ ਮਗਰੋਂ ਆਖਰਕਾਰ ਸਾਰੇ 21 ਸਿੱਖ ਫੌਜੀ ਜਵਾਨ ਸ਼ਹੀਦੀ ਪਾ ਗਏ ਪਰ ਉਦੋਂ ਤੱਕ ਉਨ੍ਹਾਂ ਨੇ  ਵੱਡੀ ਗਿਣਤੀ ਵਿਚ ਅਫਗਾਨੀਆਂ ਨੂੰ ਮਾਰ ਦਿੱਤਾ ਸੀ। ਇਸ ਲੜਾਈ ਨੇ ਦੁਸ਼ਮਣ ਨੂੰ ਸਰੀਰਕ ਤੌਰ ਤੋ ਲੈ ਕੇ ਮਾਨਸਿਕ ਤੌਰ ਤੱਕ ਹਰਾ ਕੇ ਰੱਖ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਕੁੱਝ ਹੀ ਘੰਟਿਆਂ ਵਿਚ ਕਿਲ੍ਹੇ ਉੱਤੇ ਕਬਜ਼ਾ ਕਰਨ ਦੀ ਰਣਨੀਤੀ ਫੇਲ੍ਹ ਹੋ ਗਈ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਬ੍ਰਿਟਿਸ਼ ਆਰਮੀ ਤੋਂ ਅਗਲੇ ਦੋ ਦਿਨਾਂ ਵਿਚ ਹਾਰ ਗਏ।

ਇਸ ਜੰਗ ਨੂੰ ਦੁਨੀਆਂ ਦੇ ਸਭ ਤੋਂ ਵੱਡੇ ‘ਲਾਸਟ ਸਟੈਂਡਸ’ ‘ਚ ਥਾਂ ਦਿੱਤੀ ਗਈ। ਜਦੋਂ ਇਨ੍ਹਾਂ ਸਿੱਖਾਂ ਦੇ ਬਲੀਦਾਨ ਦੀ ਖ਼ਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਅਤੇ ਸਾਰੇ 21 ਸ਼ਹੀਦ ਜਵਾਨਾਂ ਨੂੰ ਪਰਮਵੀਰ ਚੱਕਰ ਦੇ ਬਰਾਬਰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ। ਬ੍ਰਿਟੇਨ ਵਿਚ ਅੱਜ ਵੀ ਇਸ ਲੜਾਈ ਨੂੰ ਸ਼ਾਨ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਭਾਰਤੀ ਸੈਨਾ ਦੀ ਸਿੱਖ ਰੈਜੀਮੈਂਟ 12 ਸਤੰਬਰ ਨੂੰ ਹਰ ਸਾਲ ਸਾਰਾਗੜ੍ਹੀ ਦਿਵਸ ਮਨਾਉਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ 21 ਫੌਜੀਆਂ ਦੀ ਯਾਦ ਵਿਚ ਫਿਰੋਜ਼ਪੁਰ ਜ਼ਿਲ੍ਹੇ ‘ਚ ਗੁਰਦੁਆਰਾ ਸਾਰਾਗੜੀ ਸਾਹਿਬ ਬਣਾਇਆ ਗਿਆ ਹੈ ਅਤੇ ਇਹ ਦਿਵਸ ਅੱਜ ਦੇ ਦਿਨ ਗੁਰਦੁਆਰਾ ਸਾਰਾਗੜ੍ਹੀ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *