ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਦੇ ਕਹਿਰ ਕਾਰਨ ਪੰਜਾਬ ਸਰਕਾਰ ਦੁਆਰਾ ਸੂਬੇ ਵਿਚ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ ਜਿਸ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਛੱਡ ਕੇ ਬਾਕੀ ਬਜ਼ਾਰ ਬੰਦ ਰਹਿਣਗੇ ਪਰ ਉੱਥੇ ਹੀ ਵੀਕੈਂਡ ਲਾਕਡਾਊਨ ਦਾ ਕਈਂ ਥਾਵਾਂ ਉੱਤੇ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਹੈ ਜਿਸ ਉੱਤੈ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ ਦੇ ਵੀਕੈਂਡ ਲਾਕਡਾਊਨ ਅਤੇ ਰਾਤ ਦੇ ਕਰਫਿਊ ਦੇ ਫੈਸਲੇ ਨੂੰ ਗਲਤ ਦੱਸਦੇ ਹੋਏ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਵਪਾਰੀ ਵਰਗ ਦਾ ਨੁਕਸਾਨ ਹੋ ਰਿਹਾ ਹੈ।
ਦਰਅਸਲ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ”ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀਕੈਂਡ ਲਾਕਡਾਊਨ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਇਹ ਫੈਸਲਾ ਬਾਕੀ ਫੈਸਲਿਆਂ ਵਾਂਗੂ ਗਲਤ ਸਾਬਤ ਹੋ ਰਿਹਾ ਹੈ ਜਿਸ ਕਰਕੇ ਵਪਾਰੀ ਭਰਾਵਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ”। ਉਨ੍ਹਾਂ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਰਿਟੇਲਰਾਂ ਨੇ ਹੋਲ ਸੇਲਰਜ਼ ਤੋਂ ਸਮਾਨ ਖਰੀਦਣਾ ਹੁੰਦਾ ਹੈ ਪਰ ਵੀਕੈਂਡ ਲਾਕਡਾਊਨ ਕਾਰਨ ਛੋਟੇ ਦੁਕਾਨਦਾਰ ਅਜਿਹਾ ਕਰਨ ਤੋਂ ਮਜ਼ਬੂਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸ਼ਾਮ ਨੂੰ ਸਾਢੇ ਛੇ ਵਜੇ ਪੁਲਿਸ ਦੁਕਾਨਾਂ ਨੂੰ ਕਰਫਿਊ ਕਰਕੇ ਬੰਦ ਕਰਵਾ ਦਿੰਦੀ ਹੈ ਉਹੀਂ ਸਮਾਂ ਜਰੂਰੀ ਸਮਾਨ ਖਰੀਦਣ ਅਤੇ ਸ਼ਾਪਿੰਗ ਕਰਨ ਦਾ ਹੁੰਦਾ ਹੈ। ਅਮਨ ਅਰੋੜਾ ਮੁਤਾਬਕ ਜਦੋਂ ਤੋਂ ਕੈਪਟਨ ਸਰਕਾਰ ਨੇ ਵੀਕੈਂਡ ਲਾਕਡਾਊਨ ਅਤੇ 7 ਵਜੇ ਤੋਂ ਨਾਇਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਹੀ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ ਜਿਸ ਕਰਕੇ ‘ਆਪ’ ਇਸ ਫੈਸਲੇ ਨੂੰ ਲੈਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਨੂੰ ਪੰਜ ਦਿਨ ਕੰਮ ਕਰਕੇ ਕੰਮ ਨਹੀਂ ਸਰਦਾ, ਕਿਉਂਕਿ ਉਨ੍ਹਾਂ ਨੂੰ ਹਰ ਤਰ੍ਹਾ ਦੇ ਖਰਚੇ ਕੱਢਣੇ ਹੁੰਦੇ ਹਨ।
