ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਪਾਕਿਸਤਾਨ ਵੱਲੋਂ ਲਾਈਨ ਆਫ ਕੰਟਰੋਲ ਉੱਤੇ ਮੁੜ ਯੁੱਧਬੰਦੀ ਦੀ ਉਲੰਘਣਾ ਕੀਤੀ ਗਈ ਹੈ ਜਿਸ ਦੌਰਾਨ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਉੱਥੇ ਹੀ ਭਾਰਤੀ ਸੈਨਾ ਨੇ ਵੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹਤੋੜ ਜਵਾਬ ਦਿੱਤਾ ਹੈ।
ਦਰਅਸਲ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਉੱਤੇ ਪਾਕਿਸਤਾਨ ਨੇ ਯੁੱਧਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰ ਕੀਤੀ ਜਿਸ ਦੀ ਚਪੇਟ ਵਿਚ ਆਉਣ ਕਰਕੇ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ ਹੋ ਗਿਆ ਹੈ ਜੋ ਕਿ ਹੁਸ਼ਿਆਰਪੁਰ ਦੇ ਮੁਕੇਰੀਆ ਅਧੀਨ ਪੈਂਦੇ ਪਿੰਡ ਕਲੀਚਪੁਰ ਕਲੋਤਾ ਦਾ ਰਹਿਣਾ ਵਾਲਾ ਸੀ। ਉੱਥੇ ਹੀ ਰਾਜੇਸ਼ ਕੁਮਾਰ ਦੇ ਸ਼ਹੀਦ ਹੋਣ ਦੀ ਖਬਰ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਦੇਸ਼ ਲਈ ਜਾਨ ਵਾਰਨ ਵਾਲਾ ਰਾਜੇਸ਼ ਕੁਮਾਰ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਤੋਂ ਇਲਾਵਾ ਦੋ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਗਿਆ ਹੈ। ਜਿੱਥੇ ਰਾਜੇਸ਼ ਕੁਮਾਰ ਦੇ ਸ਼ਹੀਦ ਹੋਣ ਮਗਰੋਂ ਪਰਿਵਾਰ ਅਤੇ ਪਿੰਡ ਵਿਚ ਮਾਤਮ ਛਾਇਆ ਹੋਇਆ ਹੈ ਉੱਥੇ ਹੀ ਪਿੰਡ ਵਾਸੀ ਆਪਣੇ ਪੁੱਤਰ ਦੀ ਬਹਾਦਰੀ ਉੱਤੇ ਮਾਨ ਵੀ ਮਹਿਸੂਸ ਕਰ ਰਹੇ ਹਨ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸ਼ਹੀਦ ਦਾ ਪਿਤਾ ਵੀ ਖੁਦ ਭਾਰਤੀ ਸੈਨਾ ਵਿਚ ਰਹਿ ਕੇ ਦੇਸ਼ ਦੇ ਸੇਵਾ ਕਰ ਚੁੱਕਿਆ ਹੈ। ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਪਾਕਿਸਤਾਨ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਬਾਰਡਰ ਉੱਤੇ ਉਹ ਹਰ ਦਿਨ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜ਼ਾਮ ਨਾ ਦੇ ਸਕੇ। ਦੱਸਿਆ ਜਾ ਰਿਹਾ ਹੈ ਕਿ ਭਲਕੇ ਵੀਰਵਾਰ ਨੂੰ ਸ਼ਹੀਦ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੇਗੀ ਅਤੇ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
