ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਅੱਜ ਮੰਗਲਵਾਰ ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਦਿੱਲੀ ਸਥਿਤ ਲੋਧੀ ਸ਼ਮਸ਼ਾਨ ਘਾਟ ਵਿਚ ਉਨ੍ਹਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਗੰਭੀਰ ਰੂਪ ਤੋਂ ਬੀਮਾਰ ਚੱਲ ਰਹੇ ਪ੍ਰਣਾਬ ਮੁਖਰਜੀ ਦੀ ਬੀਤੇ ਦਿਨ ਹਸਪਤਾਲ ਵਿਚ ਮੌਤ ਹੋ ਗਈ ਸੀ।
ਅੱਜ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਰ ਆਰ ਹਸਪਤਾਲ ਵਿਚੋਂ 10 ਰਾਜਾਜੀ ਮਾਰਗ ਸਥਿਤ ਉਨ੍ਹਾਂ ਦੇ ਸਰਕਾਰੀ ਅਵਾਸ ਉੱਤੇ ਲਿਆਇਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੀ ਹਸਤੀਆਂ ਨੇ ਪ੍ਰਣਾਬ ਮੁਖਰਜੀ ਨੂੰ ਉਨ੍ਹਾਂ ਦੇ ਅਵਾਸ ਉੱਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਣਾਬ ਮੁਖਰਜੀ ਦੇ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਉਨ੍ਹਾਂ ਦੇ ਅੰਤਿਮ ਸਸਕਾਰ ਉੱਤੇ ਘੱਟ ਲੋਕ ਸ਼ਾਮਲ ਹੋਏ ਅਤੇ ਸਾਰਿਆਂ ਨੇ ਪੀਪੀਈ ਕਿੱਟਾਂ ਪਾਈਆਂ ਹੋਈਆਂ ਸਨ। ਬੇਟੇ ਅਭਿਜੀਤ ਮੁਖਰਜੀ ਜੀ ਨੇ ਪਿਤਾ ਪ੍ਰਣਾਬ ਮੁਖਰਜੀ ਨੂੰ ਅਗਨੀ ਦਿੱਤੀ।
ਦੱਸ ਦਈਏ ਕਿ 10 ਅਗਸਤ ਨੂੰ ਸਿਹਤ ਵਿਗੜਨ ਮਗਰੋਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਦਿੱਲੀ ਦੇ ਆਰ ਆਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਬ੍ਰੇਨ ਦੇ ਕਲਾਟ ਨੂੰ ਹਟਾਉਣ ਲਈ ਕੀਤੀ ਗਈ ਬ੍ਰੇਨ ਸਰਜਰੀ ਤੋਂ ਬਾਅਦ ਉਹ ਵੈਂਟੀਲੇਟਰ ਸਪੋਰਟ ਉੱਤੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਟੈਸਟ ਵੀ ਪਾਜ਼ੀਟਿਵ ਆਇਆ ਸੀ ਜਿਸ ਕਰਕੇ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕਾਂਗਰਸ ਦੇ ਵੱਡੇ ਲੀਡਰ ਰਹੇ ਪ੍ਰਣਾਬ ਮੁਖਰਜੀ 2012 ਤੋਂ 2017 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਹਨ। ਉਨ੍ਹਾਂ ਨੂੰ 2019 ਵਿਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਣਾਬ ਮੁਖਰਜੀ ਦੇ ਦੇਹਾਂਤ ਉੱਤੇ ਕੇਂਦਰ ਸਰਕਾਰ ਨੇ ਸੱਤ ਦਿਨਾਂ ਦੇ ਰਾਸ਼ਟਰੀ ਸ਼ੌਕ ਦਾ ਐਲਾਨ ਕੀਤਾ ਹੈ।

