ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਵਿਚ 64 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਕੈਪਟਨ ਸਰਕਾਰ ਉੱਤੇ ਹਮਲਾਵਰ ਹੋ ਗਈਆਂ ਹਨ। ਇਨ੍ਹਾਂ ਪੈਸਿਆਂ ਵਿਚ ਹੇਰਾਫੇਰੀ ਕਰਨ ਦੇ ਇਲਜ਼ਾਮ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਲਗਾਏ ਜਾ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਆਰੋਪਾਂ ਨੂੰ ਖਾਰਜ਼ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਨਾਭਾ ਸਥਿਤ ਧਰਮਸੋਤ ਦੀ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ।
ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਹੁੱਦੇ ਤੋਂ ਬਰਖਾਸਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਆਪ ਦੀ ਸੀਨੀਅਰ ਲੀਡਰਸ਼ਿਪ ਭਗਵੰਤ ਮਾਨ, ਹਰਪਾਲ ਚੀਮਾ ਤੋਂ ਇਲਾਵਾ ਹੋਰ ਆਗੂ ਵੀ ਇਸ ਪ੍ਰਦਰਸ਼ਨ ਵਿਚ ਸ਼ਮੀਲਅਤ ਕਰਨਗੇ। ਆਪ ਵਰਕਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਦੂਜੇ ਪਾਸੇ ਕੈਬਨਿਟ ਸਾਧੂ ਸਿੰਘ ਧਰਮਸੋਤ ਨੇ ਆਪਣੇ ਉੱਤੇ ਲੱਗ ਰਹੇ ਆਰੋਪਾਂ ਨੂੰ ਸਿਰੇ ਤੋਂ ਨਕਾਰਦਿਆਂ ਉੱਲਟਾਂ ਆਪਣੇ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੇਰਾ ਕਿਸੇ ਘੁਟਾਲੇ ‘ਚ ਕੋਈ ਰੋਲ ਨਹੀਂ ਅਤੇ ਨਾ ਹੀ ਕਿਤੇ ਮੈਂ ਦਸਤਖ਼ਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਮਹਿਕਮੇ ਦੇ ਸਕੱਤਰ ਦੀ ਹੁੰਦੀ ਜਿਸ ਦਾ ਚਾਰਜ ਅਡੀਸ਼ਨਲ ਚੀਫ਼ ਸੈਕਟਰੀ ਸਰੋਜ ਕੋਲ ਹੀ ਹੈ। ਧਰਮਸੋਤ ਨੇ ਕਿਹਾ ਕਿ ਮੇਰੇ ਵਿਭਾਗ ਦਾ ਐਡੀਸ਼ਨਲ ਚੀਫ ਸੈਕਟਰੀ ਮੇਰੇ ਤੋਂ ਕੁਝ ਉਸਦੇ ਚਹੇਤਿਆਂ ਦੀਆਂ ਪੋਸਟਿੰਗ ਕਰਵਾਉਣਾ ਚਾਹੁੰਦਾ ਸੀ, ਜੋ ਮੈਂ ਹੋਣ ਨਹੀਂ ਦਿੱਤੀਆਂ ਜਿਸ ਕਾਰਨ ਇਹ ਅਫਸਰ ਮੇਰੇ ਨਾਲ ਨਿੱਜੀ ਰੰਜਿਸ਼ ਕੱਢ ਰਿਹਾ ਹੈ। ਉਹਨਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਪੂਰਾ ਭਰੋਸਾ ਹੈ ਤੇ ਇਸ ਮਾਮਲੇ ਵਿਚ ਉਹ ਇਨਸਾਫ ਕਰਨਗੇ। ਮੰਤਰੀ ਨੇ ਇਹ ਵੀ ਕਿਹਾ ਕਿ ਇਸ ਘੁਟਾਲੇ ਵਿਚ ਜੋ ਵੀ ਦੋਸ਼ੀ ਹੋਵੇਗਾ, ਉਹ ਬਖਸ਼ਿਆ ਨਹੀਂ ਜਾਵੇਗਾ। ਚੇਤੇ ਰਹੇ ਕਿ ਸਮਾਜਿਕ ਨਿਆਂ , ਇੰਪਾਵਰਮੈਂਟ ਅਤੇ ਘੱਟਗਿਣਤੀਆਂ ਦੇ ਐਡੀਸ਼ਨਲ ਚੀਫ਼ ਸੈਕਟਰੀ ਕਿਰਪਾ ਸ਼ੰਕਰ ਸਰੋਜ ਵੱਲੋਂ ਮੁੱਖ ਸਕੱਤਰ ਨੂੰ ਭੇਜੀ ਇੱਕ ਰਿਪੋਰਟ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਵੰਡ ਮਾਮਲੇ ‘ਚ 64 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਲਾ ਕੇ ਇਹ ਸੰਕੇਤ ਦਿੱਤੇ ਗਏ ਹਨ ਕਿ ਇਸ ਵਿਚ ਕੈਬਿਨੇਟ ਮੰਤਰੀ ਧਰਮਸੋਤ ਦੀ ਮਿਲੀ ਭੁਗਤ ਸੀ।
