ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਤਾਜ਼ਾ ਝੜਪ ਤੋਂ ਬਾਅਦ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਇਕ ਵਾਰ ਫਿਰ ਵੱਧ ਗਿਆ ਹੈ ਜਿਸ ਨੂੰ ਘਟਾਉਣ ਲਈ ਅੱਜ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀ ਗੱਲਬਾਤ ਕਰ ਰਹੇ ਹਨ। ਇਸ ਮੀਟਿੰਗ ਵਿਚ ਸੀਮਾ ਵਿਵਾਦ ਘਟਾਉਣ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਬ੍ਰਿਗੇਡੀਅਰ ਕਮਾਂਡਰ ਪੱਧਰ ਦੇ ਫੌਜੀ ਅਧਿਕਾਰੀ ਭਾਰਤੀ ਇਲਾਕੇ ਚੁਸੂਲ ਖੇਤਰ ਵਿਚ ਤਣਾਅ ਘਟਾਉਣ ਨੂੰ ਲੈ ਕੇ ਚਰਚਾ ਕਰ ਰਹੇ ਹਨ। ਦਰਅਸਲ ਲੱਦਾਖ ਵਿਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਇਕ ਵਾਰ ਫਿਰ ਝੜਪ ਹੋਈ ਹੈ। ਰਿਪੋਰਟਾਂ ਮੁਤਾਬਕ ਇਹ ਝੜਪ 29 ਅਗਸਤ ਦੀ ਰਾਤ ਪੈਂਗੌਗ ਤਸੋ ਝੀਲ ਦੇ ਕੋਲ ਹੋਈ। ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਦੀ ਘੂਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ 500 ਦੇ ਕਰੀਬ ਚੀਨੀ ਫੌਜੀ ਘੂਸਪੈਠ ਕਰਨਾ ਚਾਹੁੰਦੇ ਸਨ।
ਉੱਥੇ ਹੀ ਭਾਰਤੀ ਸੈਨਾ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 29-30 ਅਗਸਤ ਦੀ ਰਾਤ ਨੂੰ ਝੜਪ ਹੋਈ ਹੈ। ਚੀਨੀ ਸੈਨਾ ਨੇ ਸੀਮਾ ਉੱਤੇ ਜਮੀਨੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਪਰ ਚੌਕਸ ਭਾਰਤੀ ਸੈਨਾ ਨੇ ਅਜਿਹਾ ਹੋਣ ਨਹੀਂ ਦਿੱਤਾ।
ਪੀਆਈਬੀ ਵੱਲੋਂ ਜਾਰੀ ਭਾਰਤੀ ਸੈਨਾ ਦੇ ਬਿਆਨ ਮੁਤਾਬਕ ”ਭਾਰਤੀ ਸੈਨਾ ਨੇ ਪੈਂਗੌਗ ਤਸੋ ਝੀਲ ਵਿਚ ਚੀਨੀ ਸੈਨਾ ਦੇ ਉਕਸਾਉਣ ਵਾਲੇ ਕਦਮ ਨੂੰ ਰੋਕ ਦਿੱਤਾ ਹੈ। ਭਾਰਤੀ ਸੈਨਾ ਗੱਲਬਾਤ ਰਾਹੀਂ ਸ਼ਾਤੀ ਅਤੇ ਸਥਿਰਤਾ ਬਣਾ ਕੇ ਰੱਖਣ ਲਈ ਵਚਨਬੱਧ ਹੈ ਪਰ ਇਸ ਦੇ ਨਾਲ ਹੀ ਦੇਸ਼ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਵੀ ਬਰਾਬਰ ਦੀ ਵਚਨਬੱਧ ਹੈ”। ਦੂਜੇ ਪਾਸੇ ਚੀਨ ਨੇ ਆਪਣੇ ਸੈਨਿਕਾਂ ਦੁਆਰਾ ਐਲਏਸੀ ਪਾਰ ਕਰਨ ਦੀਆਂ ਖਬਰਾਂ ਦਾ ਖੰਡਣ ਕੀਤਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਇਮਜ਼ ਮੁਤਾਬਕ ”ਪੀਐਲਏ ਦੀ ਵੈਸਟਰਨ ਥੀਏਟਰ ਕਮਾਂਡ ਨੇ ਕਿਹਾ ਕਿ ਭਾਰਤ ਨੇ 31 ਅਗਸਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਐਲਏਸੀ ਨੂੰ ਪਾਰ ਕੀਤਾ ਜਿਸ ਦਾ ਚੀਨ ਵਿਰੋਧ ਕਰਦਾ ਹੈ। ਚੀਨੀ ਸੈਨਾ ਅਸਲ ਕੰਟਰੋਲ ਰੇਖਾ ਦਾ ਸਖਤੀ ਨਾਲ ਪਾਲਣ ਕਰਦੀ ਹੈ ਅਤੇ ਚੀਨੀ ਸੈਨਾ ਨੇ ਕਦੇ ਵੀ ਇਸ ਰੇਖਾ ਨੂੰ ਪਾਰ ਨਹੀਂ ਕੀਤਾ ਹੈ”।
