ਇਕ ਦਿਨ ‘ਚ ਕੋਰੋਨਾ ਕਾਰਨ ਹੋਈਆਂ 106 ਮੌਤਾਂ ਤੋਂ ਬਾਅਦ ਸਿਹਤ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ, ਡੀਜੀਪੀ ਨੂੰ ਵੀ ਦਿੱਤੇ ਹੁਕਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਮਹਾਂਮਾਰੀ ਹਰ ਦਿਨ ਖਤਰਨਾਕ ਹੁੰਦੀ ਜਾ ਰਹੀ ਹੈ। ਬੀਤੇ ਦਿਨ ਸੂਬੇ ਵਿਚ ਕੋਰੋਨਾ ਨੇ ਸੱਭ ਤੋਂ ਵੱਧ 106 ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਮਹਾਂਮਾਰੀ ਹਰ ਦਿਨ ਖਤਰਨਾਕ ਹੁੰਦੀ ਜਾ ਰਹੀ ਹੈ। ਬੀਤੇ ਦਿਨ ਸੂਬੇ ਵਿਚ ਕੋਰੋਨਾ ਨੇ ਸੱਭ ਤੋਂ ਵੱਧ 106 ਲੋਕਾਂ ਦੀ ਜਾਨ ਲਈ ਹੈ ਜਿਸ ਨੂੰ ਵੇਖਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨ੍ਹਾਂ ਕਿਸੇ ਦੇਰੀ ਤੋਂ ਆਪਣਾ ਕੋਵਿਡ ਦਾ ਟੈਸਟ ਕਰਵਾਉਣ। ਉਹਨਾਂ ਵਲੋਂ ਕੋਵਿਡ ਦੀ ਟੈਸਟਿੰਗ ਅਤੇ ਇਲਾਜ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਡੀਜੀਪੀ ਨੂੰ ਕਿਹਾ ਗਿਆ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਵਧੀ ਹੋਈ ਮੌਤ ਦਰ ਦਾ ਮੁੱਖ ਕਾਰਨ ਮਰੀਜ਼ਾਂ ਵਲੋਂ ਟੈਸਟਿੰਗ ਅਤੇ ਇਲਾਜ ਲਈ ਦੇਰੀ ਨਾਲ ਕੋਵਿਡ ਸੰਭਾਲ ਕੇਂਦਰਾਂ ਵਿਚ ਪਹੁੰਚ ਕਰਨਾ ਹੈ। ਲਗਭਗ 67 ਫੀਸਦੀ ਮੌਤਾਂ ਦਾ ਮੁੱਖ ਕਾਰਨ ਸਿਹਤ ਸੰਸਥਾਵਾਂ ਵਿਖੇ ਮਰੀਜ਼ਾਂ ਵਲੋਂ ਗੰਭੀਰ ਲੱਛਣ ਪੈਦਾ ਹੋਣ ਤੋਂ ਬਾਅਦ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਦੇਰੀ ਨਾਲ ਪਹੁੰਚਣ ਕਾਰਨ ਮਰੀਜ਼ਾਂ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ ਜੋ ਮੌਤ ਦਾ ਮੁੱਖ ਕਾਰਨ ਬਣਦਾ ਹੈ। ਬਲਬੀਰ ਸਿੱਧੂ ਮੁਤਾਬਕ ”ਲੋਕਾਂ ਵਲੋਂ ਸੈਪਲਿੰਗ ਅਤੇ ਟੈਸਟਿੰਗ ਦਾ ਵਿਰੋਧ ਕਰਨ ਕਾਰਨ ਕੋਵਿਡ ਦੇ ਗੰਭੀਰ ਲੱਛਣ ਵਾਲੇ ਵਿਅਕਤੀ, ਜੋ ਹੋਰ ਸਹਿ-ਰੋਗ ਤੋਂ ਵੀ ਪੀੜਤ ਹਨ, ਸਿਹਤ ਸੰਸਥਾਵਾਂ ਨੂੰ ਰਿਪੋਰਟ ਨਹੀਂ ਕਰਦੇ ਜਦੋਂ ਤੱਕ ਇਹ ਬਿਮਾਰੀ ਗੰਭੀਰ ਰੂਪ ਧਾਰਨ ਨਹੀਂ ਕਰ ਲੈਂਦੀ। ਇਹੀ ਦੇਰੀ ਸ਼ੂਗਰ, ਹਾਈਪਰਟੈਨਸ਼ਨ, ਦਿਲ ਅਤੇ ਗੁਰਦੇ ਦੀ ਬਿਮਾਰੀ ਵਾਲੇ ਸਹਿ ਰੋਗਾਂ ਵਾਲੇ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ”।

 ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਵਿਡ ਕਾਰਨ 50 ਫੀਸਦੀ ਤੋਂ ਵੱਧ ਮੌਤਾਂ ਸ਼ੂਗਰ ਵਾਲੇ ਮਰੀਜ਼ਾਂ ਦੀਆਂ ਹੋ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਗੈਰ ਸਮਾਜਿਕ ਅਨਸਰਾਂ ਵਲੋਂ ਟੈਸਟਿੰਗ ਅਤੇ ਕੋਵਿਡ ਮਰੀਜ਼ਾਂ ਨੂੰ ਇਕਾਂਤਵਾਸ ਵਿਚ ਰੱਖਣ ਸਬੰਧੀ ਝੂਠੀਆਂ ਖਬਰਾਂ ਅਤੇ ਗਲ਼ਤ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਜਿਸ ਕਰਕੇ ਮਰੀਜ਼ ਹਸਪਤਾਲਾਂ ਅਤੇ ਸਿਹਤ ਸੰਭਾਲ ਸੰਸਥਾਵਾਂ ਨੂੰ ਰਿਪੋਰਟ ਕਰਨ ਵਿਚ ਦੇਰੀ ਕਰ ਰਹੇ ਹਨ ਅਤੇ ਇਹੀ ਨਾ-ਪੱਖੀ ਪ੍ਰਚਾਰ ਹੈਲਥ ਵਰਕਰਾਂ ਖਿਲਾਫ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੈਰ ਸਮਾਜਿਕ ਲੋਕ, ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੈਪਲਿੰਗ ਅਤੇ ਸਕ੍ਰਿਨਿੰਗ ਕੈਂਪ ਲਗਾਉਣ ਤੋਂ ਰੋਕ ਰਹੇ ਹਨ ਅਤੇ ਇਹਨਾਂ ਖਿਲਾਫ ਕਾਰਵਾਈ ਕਰਦੇ ਹੋਏ ਲੋਕਾਂ ਦਰਮਿਆਨ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ ਮੁਕੱਦਮੇ ਵੀ ਦਾਇਰ ਕੀਤੇ ਗਏ ਹਨ।

ਬਲਬੀਰ ਸਿੱਧੂ ਨੇ ਕਿਹਾ ਕਿ ”ਜਦੋਂ ਤੱਕ ਇਸ ਬਿਮਾਰੀ ਦੀ ਕੋਈ ਵੈਕਸੀਨ ਨਹੀਂ ਆਉਂਦੀ, ਸਾਡੇ ਕੋਲ ਕੇਵਲ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਰਹਿ ਜਾਂਦਾ। ਇਸ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਨੂੰ ਬਰਕਾਰ ਰੱਖਣ ਵਾਲੀਆਂ ਹਦਾਇਤਾਂ ਦੀ ਪਾਲਣਾ ਜ਼ਿੰਮੇਵਾਰੀ ਨਾਲ ਕਰੀਏ”।

Leave a Reply

Your email address will not be published. Required fields are marked *