ਜਗਰਾਓਂ-ਬੀਤੇ ਦਿਨੀਂ ਇਕ ਨੌਜਵਾਨ ਨੂੰ ਗੁਆਂਢੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਇਸ ਕਾਰਨ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਅੱਜ ਉਸ ਸਮੇਂ ਸ਼ਹਿਰ ਦਾ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਮ੍ਰਿਤਕ ਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਤੇ ਨੇੜਲੇ ਲੋਕਾਂ ਨੇ ਉਸ ਦੀ ਲਾਸ਼ ਨੂੰ ਜਲੰਧਰ-ਬਰਨਾਲਾ ਹਾਈਵੇ ’ਤੇ ਰੱਖ ਕੇ ਸੜਕ ’ਤੇ ਜਾਮ ਲਾ ਦਿੱਤਾ। ਲੋਕਾਂ ਨੇ ਥਾਣਾ ਸਿਟੀ ਅੱਗੇ ਨਾਅਰੇਬਾਜ਼ੀ ਵੀ ਕੀਤੀ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਜਦੋਂ ਤਕ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ, ਉਹ ਪ੍ਰਦਰਸ਼ਨ ਜਾਰੀ ਰੱਖਣਗੇ।
ਜਾਣਕਾਰੀ ਅਨੁਸਾਰ ਕਰੀਬ 10 ਦਿਨ ਪਹਿਲਾਂ ਮਨਪ੍ਰੀਤ ਜੋ ਕਿ ਨਸ਼ੇ ਦੇ ਖਿਲਾਫ ਸੀ, ਨੂੰ ਉਸ ਦੇ ਘਰ ਦੇ ਨੇੜੇ ਰਹਿੰਦੇ ਗੁਆਂਢੀਆਂ ਨੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਸੀ। ਮਨਪ੍ਰੀਤ 85 ਫ਼ੀਸਦੀ ਝੁਲਸ ਗਿਆ ਸੀ। ਵੀਰਵਾਰ ਦੇਰ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਨਪ੍ਰੀਤ ਦੀ ਲਾਸ਼ ਫਰੀਦਕੋਟ ਤੋਂ ਜਗਰਾਓਂ ਪੁੱਜੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਲਾਸ਼ ਨੂੰ ਲੈ ਕੇ ਹਾਈਵੇ ’ਤੇ ਰੱਖ ਦਿੱਤਾ ਤੇ ਦੋਵੇਂ ਪਾਸੇ ਜਾਮ ਲਾ ਦਿੱਤਾ। ਮਨਪ੍ਰੀਤ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਇਲਾਕਾ ਨਿਵਾਸੀਆਂ ਨੇ ਐਲਾਨ ਕੀਤਾ ਹੈ ਕਿ ਜੇ ਮੁੱਖ ਮੁਲਜ਼ਮ ਜਲਦ ਫੜੇ ਨਹੀਂ ਜਾਂਦੇ ਤਾਂ ਉਹ ਮਨਪ੍ਰੀਤ ਦਾ ਸਸਕਾਰ ਨਹੀਂ ਕਰਨਗੇ। ਉਧਰ, ਸੂਚਨਾ ਮਿਲਦਿਆਂ ਹੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਲੋਕਾਂ ਨੂੰ ਜਾਮ ਹਟਾਉਣ ਲਈ ਕਿਹਾ।
ਪਰਿਵਾਰ ਦਾ ਕਹਿਣਾ ਹੈ ਕਿ 24 ਸਾਲਾ ਮਨਪ੍ਰੀਤ ਸਿੰਘ ਨੇ ਆਪਣੇ ਘਰ ਨੇੜੇ ਨਸ਼ੇ ਦੀ ਵਿਕਰੀ ਹੋਣ ਕਾਰਨ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਉਸ ਦੀ ਆਪਣੇ ਹੀ ਗੁਆਂਢ ਵਿਚ ਰਹਿੰਦੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ ਪਰ ਉਕਤ ਨੌਜਵਾਨਾਂ ਨੇ ਚੋਣਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਮਨਪ੍ਰੀਤ ਸਿੰਘ ਨੂੰ ਘਰੋਂ ਬਾਹਰ ਬੁਲਾ ਲਿਆ। ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਪਰਿਵਾਰ ਨੇ ਦੋਸ਼ ਲਾਇਆ ਕਿ ਪ੍ਰਦੀਪ ਸਿੰਘ ਨੇ ਮਨਪ੍ਰੀਤ ਨੂੰ ਪਿੱਛੇ ਤੋਂ ਫੜ ਲਿਆ। ਜਦੋਂਕਿ ਵਿਜੇ ਕੁਮਾਰ ਨੇ ਆਪਣੀ ਜੇਬ ’ਚੋਂ ਪੈਟਰੋਲ ਨਾਲ ਭਰੀ ਬੋਤਲ ਕੱਢ ਕੇ ਮਨਪ੍ਰੀਤ ਸਿੰਘ ’ਤੇ ਪੈਟਰੋਲ ਛਿੜਕ ਦਿੱਤਾ। ਉਸ ਨੇ ਲਾਈਟਰ ਕੱਢ ਕੇ ਅੱਗ ਲਾ ਦਿੱਤੀ। ਅੱਗ ਲੱਗਣ ਕਾਰਨ ਮਨਪ੍ਰੀਤ ਬੁਰੀ ਤਰ੍ਹਾਂ ਝੁਲਸ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ। ਮੁਲਜ਼ਮ ਇੱਥੇ ਵੀ ਨਹੀਂ ਰੁਕੇ, ਉਨ੍ਹਾਂ ਨੇ ਪਰਿਵਾਰ ਇਹ ਕਹਿ ਕੇ ਸ਼ਿਕਾਇਤ ਕਰਨ ਤੋਂ ਰੋਕ ਦਿੱਤਾ ਕਿ ਉਹ ਮਨਪ੍ਰੀਤ ਦਾ ਇਲਾਜ ਕਰਵਾਏਗਾ। ਇਸ ਦੀ ਕੀਮਤ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ।
ਇਸ ਮੌਕੇ ਥਾਣਾ ਸਿਟੀ ਦੇ ਐੱਸ. ਐੱਚ. ਓ. ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ 72 ਘੰਟਿਆਂ ਦੇ ਅੰਦਰ-ਅੰਦਰ ਰਹਿੰਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਨੇ ਉਥੋਂ ਧਰਨਾ ਸਮਾਪਤ ਕੀਤਾ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਰਖਵਾ ਦਿੱਤਾ।
ਨੌਜਵਾਨ ਉਤੇ ਪੈਟਰੋਲ ਪਾ ਕੇ ਲਾ ਦਿੱਤੀ ਅੱਗ, ਘਰ ਨੇੜੇ ਵੇਚੇ ਜਾਂਦੇ ਨਸ਼ੇ ਦਾ ਕਰਦਾ ਸੀ ਵਿਰੋਧ, ਪਰਿਵਾਰ ਨੇ ਲਾਸ਼ ਸੜਕ ਵਿਚਾਲੇ ਰੱਖ ਲਾ’ਤਾ ਜਾਮ
ਜਗਰਾਓਂ-ਬੀਤੇ ਦਿਨੀਂ ਇਕ ਨੌਜਵਾਨ ਨੂੰ ਗੁਆਂਢੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਇਸ ਕਾਰਨ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।…
