ਲਖਨਊ (ਇੰਟ.)- ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਯੋਗੀ ਸਰਕਾਰ ਨੇ ਕਰਫਿਊ ਦੀ ਮਿਆਦ ਨੂੰ ਇਕ ਵਾਰ ਫਿਰ ਤੋਂ ਵਧਾ ਦਿੱਤਾ ਹੈ। ਤਾਜ਼ਾ ਹੁਕਮਾਂ ਮੁਤਾਬਕ ਹੁਣ 17 ਮਈ ਤੱਕ ਪਾਬੰਦੀਆਂ ਲਾਗੂ ਰਹਿਣਗੀਆਂ। ਇਸ ਤੋਂ ਪਹਿਲਾਂ ਅੰਸ਼ਿਕ ਤੌਰ ‘ਤੇ ਲਗਾਏ ਗਏ ਕਰਫਿਊ ਦੀ ਮਿਆਦ ਸੋਮਵਾਰ ਸਵੇਰੇ ਮੁੱਕਣ ਵਾਲੀ ਸੀ ਪਰ ਨਵੇਂ ਹੁਕਮਾਂ ਤੋਂ ਬਾਅਦ ਹੁਣ ਇਹ ਪਾਬੰਦੀਆਂ 17 ਮਈ ਤੱਕ ਜਾਰੀ ਰਹਿਣਗੀਆਂ। ਫਿਲਹਾਲ ਇਹ ਵਿਵਸਥਾ ਇਸੇ ਹਫਤੇ ਲਈ ਕੀਤੀ ਗਈ ਹੈ। ਦੇਖਣਾ ਹੋਵੇਗਾ ਕਿ ਅਗਲੇ ਹਫਤੇ ਦੀ ਸਥਿਤੀ ਦੇਖਦੇ ਹੋਏ ਕੀ ਫੈਸਲਾ ਹੁੰਦਾ ਹੈ।
ਸਰਕਾਰ ਨੇ ਕਰਫਿਊ ਦੀ ਮਿਆਦ ਬਸ ਵਧਾਈ ਹੈ, ਪਹਿਲਾਂ ਦੇ ਨਿਯਮਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦਾ ਮਤਲਬ ਹੈ ਕਿ ਪਹਿਲਾਂ ਦੇ ਹੀ ਨਿਯਮ ਅਗਲੇ ਦੋ ਦਿਨ ਵੀ ਲਾਗੂ ਰਹਿਣਗੇ। ਇਸ ਦੌਰਾਨ ਲੋਕਾਂ ਦੇ ਬਿਨਾਂ ਵਜ੍ਹਾ ਬਾਹਰ ਨਿਕਲਣ ‘ਤੇ ਰੋਕ ਹੈ। ਬਾਜ਼ਾਰ ਬੰਦ ਰਹਿਣਗੇ ਸ਼ਹਿਰਾਂ ਵਿਚ ਹਫਤਾਵਾਰੀ ਬਾਜ਼ਾਰਾਂ ‘ਤੇ ਰੋਕ ਲੱਗੀ ਹੋਈ ਹੈ। ਹਾਲਾਂਕਿ, ਉਦਯੋਗਿਕ ਗਤੀਵਿਧੀਆਂ ਅਤੇ ਜ਼ਰੂਰੀ ਸੇਵਾਵਾਂ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ ਹੈ। ਭੀੜ-ਭਾੜ ਨੂੰ ਰੋਕਣ ਅਤੇ ਆਵਾਜਾਈ ਨੂੰ ਸੀਮਤ ਕਰਨ ਦੇ ਮਕਸਦ ਨਾਲ ਹੋਮ ਡਲੀਵਰੀ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਤਾਂ ਜੋ ਲੋਕ ਕਿਸੇ ਵੀ ਥਾਂ ਇਕੱਠੇ ਨਾ ਹੋਣ ਅਤੇ ਜ਼ਿਆਦਾ ਤੋਂ ਜ਼ਿਆਦਾ ਹੋਮ ਡਲਿਵਰੀ ਹੀ ਕੀਤੀ ਜਾਵੇ।
ਉੱਤਰ ਪ੍ਰਦੇਸ਼ ਸਰਕਾਰ ਨੇ ਐਤਵਾਰ ਨੂੰ ਫੈਸਲਾ ਕੀਤਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਸੂਬਾ ਸੜਕ ਆਵਾਜਾਈ ਕਾਰਪੋਰੇਸ਼ਨ ਦੀਆਂ ਬੱਸਾਂ ਸੂਬੇ ਦੀ ਹੱਦ ਤੋਂ ਬਾਹਰ ਨਹੀਂ ਜਾਣਗੀਆਂ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਬੰਧਿਤ ਅਧਿਕਾਰੀਆਂ ਨੂੰ ਇਹ ਵਿਵਸਥਾ ਯਕੀਨੀ ਕਰਨ ਦੇ ਹੁਕਮ ਦਿੱਤੇ ਹਨ। ਯੋਗੀ ਨੇ ਹਦਾਇਤ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਉੱਤਰ ਪ੍ਰਦੇਸ਼ ਸੂਬਾ ਸੜਕ ਆਵਾਜਾਈ ਕਾਰਪੋਰੇਸ਼ਨ ਦੀਆਂ ਬੱਸਾਂ ਦਾ ਸੰਚਾਲਨ ਸਿਰਫ ਸੂਬੇ ਅੰਦਰ ਹੀ ਕੀਤਾ ਜਾਵੇ।



