ਚੰਡੀਗੜ੍ਹ : ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ (ਦ੍ਰਿਸ਼ਟੀ) 50 ਮੀਟਰ ਤੋਂ ਵੀ ਘੱਟ ਰਹਿ ਗਈ ਹੈ, ਜਿਸ ਕਾਰਨ ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਗੱਡੀਆਂ ਅਤੇ ਹਵਾਈ ਉਡਾਣਾਂ ਦੀ ਰਫ਼ਤਾਰ ‘ਤੇ ਵੀ ਬ੍ਰੇਕਾਂ ਲੱਗ ਗਈਆਂ ਹਨ। ਮੌਸਮ ਵਿਭਾਗ (IMD) ਅਨੁਸਾਰ, 31 ਦਸੰਬਰ ਤੱਕ ਉੱਤਰ, ਮੱਧ ਅਤੇ ਪੂਰਬੀ ਭਾਰਤ ਦੇ ਲੋਕਾਂ ਨੂੰ ਇਸ ਧੁੰਦ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਹਿਮਾਚਲ ਵਿੱਚ ਅਲਰਟ ਅਤੇ ਦੱਖਣ ਵਿੱਚ ਮਾਈਨਸ ਤਾਪਮਾਨ
ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਸੰਘਣੀ ਧੁੰਦ ਨੂੰ ਲੈ ਕੇ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਖਾਸ ਕਰਕੇ ਭਾਖੜਾ ਡੈਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਗਲੇ ਚਾਰ ਦਿਨਾਂ ਤੱਕ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਦੱਖਣੀ ਭਾਰਤ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਊਟੀ (ਤਮਿਲਨਾਡੂ) ਵਿੱਚ ਵੀ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਪਾਰਾ ਇੱਕ ਡਿਗਰੀ ਹੇਠਾਂ ਚਲਾ ਗਿਆ ਹੈ।
ਪੰਜਾਬ ਅਤੇ ਹਰਿਆਣਾ ‘ਚ 31 ਦਸੰਬਰ ਤੱਕ ਰਹੇਗੀ ਕੰਬਾਉਣ ਵਾਲੀ ਠੰਢ
ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਪੰਜਾਬ ਅਤੇ ਹਰਿਆਣਾ ਵਿੱਚ ਭਿਆਨਕ ਠੰਢ ਪੈ ਰਹੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ 31 ਦਸੰਬਰ ਤੱਕ ਰਾਤ ਅਤੇ ਸਵੇਰ ਦੇ ਸਮੇਂ ਬੇਹੱਦ ਸੰਘਣੀ ਧੁੰਦ ਛਾਈ ਰਹੇਗੀ। ਮੌਸਮ ਵਿਭਾਗ ਨੇ ਲੋਕਾਂ ਨੂੰ ਸਫਰ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਕਿਉਂ ਕਿ ਸੰਘਣੀ ਧੁੰਦ ਪੈਣ ਕਾਰਨ ਦ੍ਰਿਸ਼ਟੀ ਘੱਟ ਰਹਿ ਰਹੀ ਹੈ, ਜਿਸ ਕਾਰਨ ਵਜੋਂ ਬੀਤੇ ਕੁਝ ਦਿਨਾਂ ‘ਚ ਕਈ ਐਕਸੀਡੈਂਟ ਵੀ ਹੋਏ ਹਨ। ਇਸ ਲਈ ਮੌਸਮ ਵਿਭਾਗ ਨੇ ਲੋਕਾਂ ਨੂੰ ਸਫਰ ਕਰਨ ਲਈ ਸਾਵਧਾਨੀਆਂ ਵਰਤਣ ਲਈ ਕਿਹਾ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



