ਅੰਮ੍ਰਿਤਸਰ: ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੀ ਪਵਿੱਤਰਤਾ ਅਤੇ ਸਿੱਖ ਮਰਯਾਦਾ ਨੂੰ ਠੇਸ ਪਹੁੰਚਾਉਣ ਵਾਲੀਆਂ ਤਿੰਨ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਜਨਰੇਟਿਡ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਨ੍ਹਾਂ ਵੀਡੀਓਜ਼ ਵਿੱਚ ਸਿੱਖ ਰੀਤੀ-ਰਿਵਾਜਾਂ ਅਤੇ ਗੁਰੂ ਘਰ ਦੀ ਮਰਯਾਦਾ ਦੇ ਉਲਟ ਦ੍ਰਿਸ਼ ਦਿਖਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸਖ਼ਤ ਸ਼ਿਕਾਇਤ ਤੋਂ ਬਾਅਦ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਤਿੰਨੋਂ ਵੀਡੀਓਜ਼ ਵਿੱਚ ਕੀ ਹੈ ਵਿਵਾਦਿਤ?
FIR ਮੁਤਾਬਕ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀਆਂ ਗਈਆਂ ਇਨ੍ਹਾਂ ਵੀਡੀਓਜ਼ ਵਿੱਚ ਤਿੰਨ ਗੰਭੀਰ ਇਤਰਾਜ਼ਯੋਗ ਗੱਲਾਂ ਦਿਖਾਈਆਂ ਗਈਆਂ ਹਨ। ਇੱਕ ਨੌਜਵਾਨ ਨੂੰ ਜੁੱਤੀਆਂ ਪਾ ਕੇ ਪਵਿੱਤਰ ਪਰਿਕਰਮਾ ਵਿੱਚ ਖੜ੍ਹਾ ਦਿਖਾਇਆ ਗਿਆ ਹੈ। ਇੰਨਾ ਹੀ ਨਹੀਂ, ਵੀਡੀਓ ਵਿੱਚ ਇੱਕ ਕਾਰ ਨੂੰ ਪਰਿਕਰਮਾ ਦੇ ਅੰਦਰ ਦਾਖਲ ਹੁੰਦੇ ਅਤੇ ਨੌਜਵਾਨ ਨੂੰ ਉਸ ਵਿੱਚ ਬੈਠ ਕੇ ਬਾਹਰ ਜਾਂਦੇ ਦਿਖਾਇਆ ਗਿਆ ਹੈ। ਇਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਰੂਪ ਅਤੇ ਦ੍ਰਿਸ਼ ਨੂੰ AI ਰਾਹੀਂ ਬਦਲ ਕੇ ਪੇਸ਼ ਕੀਤਾ ਗਿਆ ਹੈ, ਜੋ ਸਿੱਖ ਮਰਯਾਦਾ ਦੇ ਸਖ਼ਤ ਖ਼ਿਲਾਫ਼ ਹੈ। ਇਸ ਵਿੱਚ ਇੱਕ ਜੋੜੇ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬੇਹੱਦ ਇਤਰਾਜ਼ਯੋਗ ਹਰਕਤਾਂ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨਾਲ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ।
ਪੁਲਿਸ ਕਾਰਵਾਈ ਅਤੇ FIR ਦਾ ਵੇਰਵਾ
SGPC ਵੱਲੋਂ ਪੁਲਿਸ ਕਮਿਸ਼ਨਰ ਨੂੰ ਦਿੱਤੀਆਂ ਦੋ ਵੱਖ-ਵੱਖ ਸ਼ਿਕਾਇਤਾਂ ‘ਤੇ ਕਾਰਵਾਈ ਕਰਦਿਆਂ 29 ਜਨਵਰੀ ਨੂੰ FIR ਦਰਜ ਕੀਤੀ ਗਈ ਸੀ। ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ (ਧਾਰਾ 299) ਅਤੇ ਫ਼ਿਰਕੂ ਸਦਭਾਵਨਾ ਵਿਗਾੜਨ ਵਾਲੀ ਸਮੱਗਰੀ ਫੈਲਾਉਣ (ਧਾਰਾ 353) ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ FIR ਦੀ ਕਾਪੀ ਹੁਣ ਜਨਤਕ ਹੋਈ ਹੈ ਅਤੇ ਪੁਲਿਸ ਇਨ੍ਹਾਂ ਇੰਸਟਾਗ੍ਰਾਮ ਲਿੰਕਸ ਰਾਹੀਂ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
AI ਦੇ ਦੁਰਵਰਤੋਂ ਵਿਰੁੱਧ SGPC ਦਾ ਵੱਡਾ ਫੈਸਲਾ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਹੋ ਰਹੀ ਗਲਤ ਵਰਤੋਂ ਨੂੰ ਰੋਕਣ ਲਈ SGPC ਨੇ ਪਹਿਲਾਂ ਹੀ ਕਮਰ ਕੱਸ ਲਈ ਹੈ। 13 ਅਕਤੂਬਰ 2025 ਨੂੰ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਇੱਕ ਵਿਸ਼ੇਸ਼ ਉਪ-ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦਾ ਮੁੱਖ ਉਦੇਸ਼ ਅਜਿਹੀ ਡਿਜੀਟਲ ਸਮੱਗਰੀ ‘ਤੇ ਨਜ਼ਰ ਰੱਖਣਾ ਅਤੇ ਮਾਹਰਾਂ ਦੀ ਰਾਏ ਲੈ ਕੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣਾ ਹੈ, ਜੋ ਸਿੱਖ ਧਰਮ, ਗੁਰੂ ਪਰੰਪਰਾ ਅਤੇ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



