ਵਾਸ਼ਿੰਗਟਨ (ਇੰਟ.)- ਹੁਣ ਅਮਰੀਕਾ ਵਿਚ ਬੱਚਿਆਂ ਨੂੰ ਵੀ ਕੋਰੋਨਾ ਦੀ ਵੀਕਸੈਨ ਲਗਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਖੁਰਾਕ ਅਤੇ ਮੈਡੀਕਲ ਅਥਾਰਟੀ ਨੇ ਫਾਈਜ਼ਰ-ਬਾਇਨਟੈੱਕ ਦੀ ਕੋਵਿਡ-19 ਵੈਕਸੀਨ ਨੂੰ 12 ਤੋਂ 15 ਸਾਲ ਦੇ ਅਲ੍ਹੜਾਂ ਵਿਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮਾਹਰਾਂ ਦੀ ਮੰਨੀਏ ਤਾਂ ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਅਜਿਹੇ ਵਿਚ ਐਫ.ਡੀ.ਏ. ਰਾਹੀਂ ਚੁੱਕਿਆ ਗਿਆ ਕਦਮ ਕਾਫੀ ਮਹੱਤਵਪੂਰਨ ਹੈ।
.jpg)
ਅਮਰੀਕਾ ਨੇ ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿਚ ਇਸ ਨੂੰ ਇਕ ਮਹੱਤਵਪੂਰਨ ਫੈਸਲਾ ਦੱਸਦੇ ਹੋਏ ਵੈਕਸੀਨ ਦੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ। ਐੱਫ.ਡੀ.ਏ. ਦੇ ਕਾਰਜਕਾਰੀ ਕਮਿਸ਼ਨਰ ਡਾਕਟਰ ਜੇਨੇਟ ਵੁੱਡਕਾਕ ਨੇ ਕਿਹਾ ਕਿ ਵੈਕਸੀਨ ਦੀ ਵਰਤੋਂ ਨੂੰ ਲੈ ਕੇ ਲਿਆ ਗਿਆ ਇਹ ਫੈਸਲਾ ਸਾਨੂੰ ਆਮ ਸਥਿਤੀ ਵਿਚ ਪਰਤਣ ਦੇ ਨੇੜੇ ਲਿਜਾਵੇਗਾ। ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਇਸ ਗੱਲ ਲਈ ਆਸਵੰਦ ਹੋ ਸਕਦੇ ਹਨ ਕਿ ਏਜੰਸੀ ਨੇ ਸਾਰੇ ਮੁਹੱਈਆ ਡੇਟਾ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਹੈ।
ਫਾਈਜ਼ਰ ਬਾਇਓਨਟੈੱਕ ਦੀ ਕੋਵਿਡ-19 ਵੈਕਸੀਨ ਦੀ ਵਰਤੋਂ ਇਸ ਵੇਲੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਨੌਜਵਾਨਾਂ ‘ਤੇ ਹੋ ਰਿਹਾ ਹੈ। ਉਥੇ ਹੀ ਅਮਰੀਕਾ ਵਿਚ ਇਸ ਨੂੰ 16 ਸਾਲ ਜਾਂ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਲਈ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਹ ਪਾਇਆ ਗਿਆ ਹੈ ਕਿ ਇਹ ਵੈਕਸੀਨ ਛੋਟੇ ਬੱਚਿਆਂ ਲਈ ਵੀ ਲਾਹੇਵੰਦ ਹੈ।
ਦਰਅਸਲ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਹੁਣ ਸਾਰੇ ਬੱਚਿਆਂ ਲਈ ਚਿੰਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਹੁਣ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਅਜਿਹੇ ਵਿਚ ਫਾਈਜ਼ਰ ਨੇ ਮਾਰਚ ਵਿਚ ਅੰਕੜੇ ਜਾਰੀ ਕਰ ਕੇ ਦੱਸਿਆ ਸੀ ਕਿ 12-15 ਸਾਲ ਦੇ 2260 ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ। ਟੈਸਟ ਦੇ ਡੇਟਾ ਵਿਚ ਪਾਇਆ ਗਿਆ ਕਿ ਪੂਰੇ ਵੈਕਸੀਨੇਸ਼ਨ ਤੋਂ ਬਾਅਦ ਇਨ੍ਹਾਂ ਬੱਚਿਆਂ ਵਿਚ ਕੋਰੋਨਾ ਇਨਫੈਕਸ਼ਨ ਦਾ ਕੋਈ ਕੇਸ ਨਹੀਂ ਮਿਲਿਆ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬੱਚਿਆਂ ‘ਤੇ ਉਨ੍ਹਾਂ ਦਾ ਵੈਕਸੀਨ 100 ਫੀਸਦੀ ਅਸਰਦਾਰ ਹੈ।



