ਅੰਮ੍ਰਿਤਸਰ : ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਗੱਭਰੂਆਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਜੰਡਿਆਲਾ ਗੁਰੂ ਦੇ ਨਜ਼ਦੀਕੀ ਪਿੰਡ ਦੇਵੀਦਾਸ ਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਵਿੱਚ ਗੋਲੀਆਂ ਦਾ ਸ਼ਿਕਾਰ ਹੋਏ ਨੌਜਵਾਨ ਸਿਮਰਨਜੀਤ ਸਿੰਘ ਸੰਧੂ ਦੀ ਮ੍ਰਿਤਕ ਦੇਹ ਇੱਕ ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਪਿੰਡ ਪਹੁੰਚੀ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਭਾਰੀ ਮਨ ਅਤੇ ਨਮ ਅੱਖਾਂ ਨਾਲ ਨੌਜਵਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼
ਮ੍ਰਿਤਕ ਦੇ ਪਿਤਾ ਨੇ ਬੇਹੱਦ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਅਤੇ ਉਸ ਦੇ ਚੰਗੇ ਭਵਿੱਖ ਦੀ ਖ਼ਾਤਰ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਸੀ। ਸਿਮਰਨਜੀਤ ਸਾਲ 2023 ਵਿੱਚ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਪੁੱਤਰ ਪੜ੍ਹ-ਲਿਖ ਕੇ ਘਰ ਦੀ ਗਰੀਬੀ ਦੂਰ ਕਰੇਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਮਹੀਨਾ ਪਹਿਲਾਂ ਕੈਨੇਡਾ ਤੋਂ ਆਏ ਇੱਕ ਫ਼ੋਨ ਨੇ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ, ਜਿਸ ਵਿੱਚ ਦੱਸਿਆ ਗਿਆ ਕਿ ਅਣਪਛਾਤੇ ਹਮਲਾਵਰਾਂ ਨੇ ਸਿਮਰਨਜੀਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਇਨਸਾਫ਼ ਦੀ ਗੁਹਾਰ
ਪੀੜਤ ਪਰਿਵਾਰ ਨੇ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਪਰਿਵਾਰ ਨੇ ਮੰਗ ਕੀਤੀ ਕਿ ਕੈਨੇਡਾ ਵਿੱਚ ਸਿਮਰਨਜੀਤ ਦਾ ਜੋ ਵੀ ਸਮਾਨ ਜਿਵੇਂ ਕਿ ਮੋਬਾਈਲ, ਲੈਪਟਾਪ ਅਤੇ ਉਸ ਦੀ ਮਿਹਨਤ ਦੇ ਬਣਦੇ ਪੈਸੇ ਹਨ, ਉਹ ਜਲਦ ਪਰਿਵਾਰ ਦੇ ਹਵਾਲੇ ਕੀਤੇ ਜਾਣ।
ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ
ਅੱਜ ਜਦੋਂ ਸਿਮਰਨਜੀਤ ਦੀ ਦੇਹ ਪਿੰਡ ਪਹੁੰਚੀ ਤਾਂ ਹਰ ਅੱਖ ਰੋ ਰਹੀ ਸੀ। ਅੰਤਿਮ ਵਿਦਾਈ ਦੇਣ ਲਈ ਇਲਾਕੇ ਦੇ ਸੈਂਕੜੇ ਲੋਕ ਇਕੱਠੇ ਹੋਏ। ਪਿੰਡ ਵਾਸੀਆਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਪਿਆਂ ਨੇ ਬੜੀਆਂ ਰੀਝਾਂ ਨਾਲ ਪੁੱਤਰ ਨੂੰ ਵਿਦੇਸ਼ ਤੋਰਿਆ ਸੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਤਾਬੂਤ ਵਿੱਚ ਵਾਪਸ ਪਰਤੇਗਾ।



