ਜੰਮੂ (ਇੰਟ.)- ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲਾ ਸਾਂਬਾ ਦੇ ਨਡ ਇਲਾਕੇ ਵਿਚ ਦੇਰ ਰਾਤ ਅੱਤਵਾਦੀਆਂ ਨੇ ਪੁਲਸ ਨਾਕੇ ‘ਤੇ ਗ੍ਰਨੇਡ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਇਹ ਗ੍ਰਨੇਡ ਨਾਕੇ ਤੋਂ ਕੁਝ ਦੂਰੀ ‘ਤੇ ਫਟਿਆ ਜਿਸ ਕਾਰਣ ਸੁਰੱਖਿਆ ਦਸਤਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਕਿ ਸੁਰੱਖਿਆ ਮੁਲਾਜ਼ਮ ਅੱਤਵਾਦਈਆਂ ਦੀ ਇਸ ਕਾਰਵਾਈ ਦਾ ਜਵਾਬ ਦਿੰਦੇ ਹਮਲਾਵਰ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਉਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਦੇਰ ਰਾਤ ਤੋਂ ਹੀ ਨਡ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਸੁਰੱਖਿਆ ਦਸਤਿਆਂ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ।
.jpg)
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਇਹ ਹਮਲਾ ਮੰਗਲਵਾਰ-ਬੁੱਧਵਾਰ ਦੀ ਅੱਧੀ ਰਾਤ ਨੂੰ ਕੀਤਾ। ਸਾਂਬਾ-ਮਾਨਸਰ ਰਸਤੇ ‘ਤੇ ਪੈਣ ਵਾਲੇ ਨਡ ਇਲਾਕੇ ਵਿਚ ਸੁਰੱਖਿਅਤ ਪੁਲਸ ਨਾਕੇ ‘ਤੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ। ਗ੍ਰਨੇਡ ਸੁੱਟਦੇ ਹੋਏ ਹਮਲਾਵਰਾਂ ਦਾ ਨਿਸ਼ਾਨਾ ਖੁੰਝ ਗਿਆ ਅਤੇ ਗ੍ਰਨੇਡ ਨਾਕੇ ਤੋਂ ਕੁਝ ਦੂਰੀ ‘ਤੇ ਜਾ ਕੇ ਫਟਿਆ। ਹਮਲੇ ਦੇ ਤੁਰੰਤ ਬਾਅਦ ਹੀ ਹਮਲਾਵਰ ਰਾਤ ਦੇ ਹਨ੍ਹੇਰੇ ਵਿਚ ਗਾਇਬ ਹੋ ਗਏ। ਇਸ ਵਿਚਾਲੇ ਗ੍ਰਨੇਡ ਫਟਣ ਦੀ ਆਵਾਜ਼ ਨਾਲ ਆਸ-ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਮਲੇ ਦੇ ਤਕਰੀਬਨ ਅੱਧੇ ਘੰਟੇ ਅੰਦਰ ਹੀ ਫੌਜ, ਸੀ.ਆਰ.ਪੀ.ਐੱਫ. ਅਤੇ ਐੱਸ.ਓ.ਜੀ. ਦੇ ਜਵਾਨ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ।
.jpg)
ਸੁਰੱਖਿਆ ਦਸਤਿਆਂ ਦੀ ਇਸ ਤਲਾਸ਼ੀ ਮੁਹਿੰਮ ਅਤੇ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਨਾਲ ਲੋਕ ਦਹਿਸ਼ਤ ਵਿਚ ਆ ਗਏ ਹਨ। ਹਾਲਾਂਕਿ ਸੁਰੱਖਿਆ ਦਸਤਿਆਂ ਨੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਇਲਾਕਿਆਂ ਨੂੰ ਕਿਸੇ ਵੀ ਸ਼ੱਕੀ ਨੂੰ ਦੇਖਣ ‘ਤੇ ਤੁਰੰਤ ਪੁਲਸ ਜਾਂ ਉਨ੍ਹਾਂ ਨੂੰ ਸੂਚਿਤ ਕਰਨ ਲਈ ਕਿਹਾ ਹੈ। ਅਜੇ ਵੀ ਇਲਾਕੇ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ।



