ਰਾਜਪੁਰਾ : ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿਤ ਇੱਕ ਨਿੱਜੀ ਗੈਸ ਕੰਪਨੀ ਦੇ ਗੋਦਾਮ ਵਿੱਚ ਐਤਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਰਾਖ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਕਾਲੇ ਧੂੰਏਂ ਦੇ ਗੁਬਾਰ ਕਈ ਕਿਲੋਮੀਟਰ ਦੂਰੋਂ ਦੇਖੇ ਜਾ ਸਕਦੇ ਸਨ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਪਲਾਸਟਿਕ ਪਾਈਪਾਂ ਕਾਰਨ ਅੱਗ ਨੇ ਧਾਰਿਆ ਰੌਦਰ ਰੂਪ
ਪ੍ਰਾਪਤ ਜਾਣਕਾਰੀ ਅਨੁਸਾਰ, ਰਾਜਪੁਰਾ-ਪਟਿਆਲਾ ਹਾਈਵੇਅ ਦੇ ਨੇੜੇ ਇੱਕ ਨਿੱਜੀ ਗੈਸ ਕੰਪਨੀ ਨੇ ਕਿਰਾਏ ‘ਤੇ ਜਗ੍ਹਾ ਲੈ ਕੇ ਉੱਥੇ ਵੱਡੀ ਮਾਤਰਾ ਵਿੱਚ ਪਲਾਸਟਿਕ ਦੀਆਂ ਪਾਈਪਾਂ ਸਟੋਰ ਕੀਤੀਆਂ ਹੋਈਆਂ ਸਨ। ਦੁਪਹਿਰ ਕਰੀਬ ਪੌਣੇ ਤਿੰਨ ਵਜੇ ਇਨ੍ਹਾਂ ਪਾਈਪਾਂ ਨੂੰ ਅਚਾਨਕ ਅੱਗ ਲੱਗ ਗਈ। ਪਲਾਸਟਿਕ ਹੋਣ ਕਾਰਨ ਅੱਗ ਨੇ ਮਿੰਟਾਂ ਵਿੱਚ ਹੀ ਭਿਆਨਕ ਰੂਪ ਧਾਰ ਲਿਆ। ਰਾਜਪੁਰਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਵਧਦੀ ਦੇਖ ਪਟਿਆਲਾ, ਡੇਰਾਬੱਸੀ, ਜ਼ੀਰਕਪੁਰ ਅਤੇ ਸਰਹਿੰਦ ਤੋਂ ਇਲਾਵਾ ਨਿੱਜੀ ਫੈਕਟਰੀਆਂ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੂੰ ਵੀ ਮਦਦ ਲਈ ਸੱਦਣਾ ਪਿਆ।
ਨੇੜਲੇ ਮੈਰਿਜ ਪੈਲੇਸ ‘ਚ ਚੱਲ ਰਹੇ ਵਿਆਹ ‘ਚ ਪਿਆ ਖਲਲ
ਜਿਸ ਗੋਦਾਮ ਵਿੱਚ ਅੱਗ ਲੱਗੀ, ਉਸ ਦੇ ਬਿਲਕੁਲ ਨਾਲ ਇੱਕ ਮੈਰਿਜ ਪੈਲੇਸ ਸਥਿਤ ਹੈ, ਜਿੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ। ਅੱਗ ਦਾ ਕਾਲਾ ਧੂੰਆਂ ਪੈਲੇਸ ਦੇ ਅੰਦਰ ਤੱਕ ਫੈਲ ਗਿਆ, ਜਿਸ ਕਾਰਨ ਵਿਆਹ ਵਿੱਚ ਆਏ ਮਹਿਮਾਨਾਂ ਵਿੱਚ ਭਜਦੜ ਮਚ ਗਈ। ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਅਤੇ ਕਾਫੀ ਦੇਰ ਤੱਕ ਸਮਾਗਮ ਵਿੱਚ ਵਿਘਨ ਪਿਆ ਰਿਹਾ।
ਹਾਈਵੇਅ ‘ਤੇ ਲੱਗਿਆ ਜਾਮ, ਪੁਲਿਸ ਨੇ ਸੰਭਾਲੀ ਸਥਿਤੀ
ਅੱਗ ਕਾਰਨ ਰਾਜਪੁਰਾ-ਪਟਿਆਲਾ ਹਾਈਵੇਅ ‘ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਧੂੰਏਂ ਕਾਰਨ ਵਾਹਨ ਚਾਲਕਾਂ ਨੂੰ ਰਾਹ ਦਿਖਾਈ ਦੇਣਾ ਬੰਦ ਹੋ ਗਿਆ, ਜਿਸ ਕਰਕੇ ਸੜਕ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਟ੍ਰੈਫਿਕ ਨੂੰ ਡਾਇਵਰਟ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਾਲੂ ਕਰਵਾਇਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



