ਤਾਈਵਾਨ: ਤਾਈਵਾਨ ਦੀ ਰਾਜਧਾਨੀ ਤਾਈਪੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਿਰਫਿਰੇ ਹਮਲਾਵਰ ਨੇ ਜਨਤਕ ਥਾਵਾਂ ‘ਤੇ ਅੰਨ੍ਹੇਵਾਹ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਹਿੰਸਕ ਵਾਰਦਾਤ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ 9 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਸਰੀਰ ‘ਤੇ ਆਰਮਰ (ਕਵਚ) ਪਹਿਨਿਆ ਹੋਇਆ ਸੀ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਉਸ ਨੇ ਸਮੋਕ ਬੰਬਾਂ ਦੀ ਵੀ ਵਰਤੋਂ ਕੀਤੀ। ਪੁਲਿਸ ਦੀ ਕਾਰਵਾਈ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਹਮਲਾਵਰ ਇੱਕ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।
ਤਾਈਪੇ ਮੇਨ ਸਟੇਸ਼ਨ ਅਤੇ ਸ਼ਾਪਿੰਗ ਸੈਂਟਰ ‘ਚ ਮਚਾਈ ਦਹਿਸ਼ਤ
ਜਾਣਕਾਰੀ ਅਨੁਸਾਰ 27 ਸਾਲਾ ਸ਼ੱਕੀ ਹਮਲਾਵਰ, ਜਿਸ ਦੀ ਪਛਾਣ ‘ਚਾਂਗ ਵੇਨ’ ਵਜੋਂ ਹੋਈ ਹੈ, ਉਸ ਨੇ ਬੇਹੱਦ ਯੋਜਨਾਬੱਧ ਤਰੀਕੇ ਨਾਲ ਇਸ ਕਾਰੇ ਨੂੰ ਅੰਜਾਮ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਲੇ ਕੱਪੜੇ ਅਤੇ ਮਾਸਕ ਪਹਿਨੇ ਹੋਏ ਹਮਲਾਵਰ ਨੇ ਤਾਈਪੇ ਮੇਨ ਮੈਟਰੋ ਸਟੇਸ਼ਨ ਦੇ ਨੇੜੇ ਭੀੜ ‘ਤੇ ਹਮਲਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਇੱਕ ਮਸ਼ਹੂਰ ਸ਼ਾਪਿੰਗ ਏਰੀਆ ‘ਚ ਸਥਿਤ ‘ਐਸਲਾਈਟ ਸਪੈਕਟ੍ਰਮ ਨਾਨਕਸੀ’ ਡਿਪਾਰਟਮੈਂਟਲ ਸਟੋਰ ਵਿੱਚ ਦਾਖਲ ਹੋਇਆ, ਜਿੱਥੇ ਉਸ ਨੇ ਸਮੋਕ ਗ੍ਰੇਨੇਡ ਸੁੱਟ ਕੇ ਦਹਿਸ਼ਤ ਫੈਲਾਈ ਅਤੇ ਲੋਕਾਂ ਦੀਆਂ ਗਰਦਨਾਂ ‘ਤੇ ਚਾਕੂਆਂ ਨਾਲ ਵਾਰ ਕੀਤੇ।
ਪੁਰਾਣਾ ਅਪਰਾਧਿਕ ਰਿਕਾਰਡ (Taiwan Attack)
ਤਾਈਵਾਨ ਦੇ ਪ੍ਰਧਾਨ ਮੰਤਰੀ ਚੋ ਜੁੰਗ-ਤਾਈ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਹਮਲਾਵਰ ਦਾ ਪੁਰਾਣਾ ਅਪਰਾਧਿਕ ਰਿਕਾਰਡ ਸੀ। ਹਮਲਾਵਰ ਨਵੰਬਰ 2024 ਵਿੱਚ ਆਪਣੀ ਲਾਜ਼ਮੀ ਰਿਜ਼ਰਵ ਮਿਲਟਰੀ ਟ੍ਰੇਨਿੰਗ ਲਈ ਹਾਜ਼ਰ ਨਹੀਂ ਹੋਇਆ ਸੀ, ਜਿਸ ਕਾਰਨ ਉਸਦੇ ਖਿਲਾਫ ਪਹਿਲਾਂ ਹੀ ਗ੍ਰਿਫਤਾਰੀ ਵਾਰੰਟ ਜਾਰੀ ਸਨ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਦੇ ਇਸ ਖ਼ੂਨੀ ਕਾਰੇ ਪਿੱਛੇ ਮੁੱਖ ਮਕਸਦ ਕੀ ਸੀ ਅਤੇ ਕੀ ਇਸ ਵਿੱਚ ਕੋਈ ਹੋਰ ਸਾਜ਼ਿਸ਼ ਸ਼ਾਮਲ ਸੀ।
ਪੁਲਿਸ ਵੱਲੋਂ ਕੀਤੀ ਗਈ ਜਾਂਚ
ਤਾਈਪੇ ਦੇ ਮੇਅਰ ਚਿਆਂਗ ਵਾਨ-ਆਨ ਨੇ ਦੱਸਿਆ ਕਿ ਘਟਨਾ ਦੌਰਾਨ ਇੱਕ 57 ਸਾਲਾ ਬਹਾਦਰ ਵਿਅਕਤੀ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਨੇ ਉਸ ਨੂੰ ਵੀ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਫਿਲਹਾਲ ਸਾਰੇ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਹਮਲਾਵਰ ਦੇ ਘਰ ਦੀ ਤਲਾਸ਼ੀ ਲਈ ਹੈ ਤਾਂ ਜੋ ਘਟਨਾ ਨਾਲ ਜੁੜੇ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



