ਪੱਲੇਕਲ: ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਵਿੱਚ ਅੱਜ ਹੋਣ ਵਾਲਾ ਜ਼ਿੰਬਾਬਵੇ ਅਤੇ ਆਇਰਲੈਂਡ ਦਾ ਮੁਕਾਬਲਾ ਬੇਹੱਦ ਰੋਮਾਂਚਕ ਮੋੜ ‘ਤੇ ਪਹੁੰਚ ਗਿਆ ਹੈ। ਹਾਲਾਂਕਿ, ਇਸ ਮੈਚ ਵਿੱਚ ਖੇਡ ਨਾਲੋਂ ਜ਼ਿਆਦਾ ਮੌਸਮ ਦੀ ਚਰਚਾ ਹੋ ਰਹੀ ਹੈ। ਪੱਲੇਕਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਾਲੇ ਤੱਕ ਟਾਸ ਵੀ ਨਹੀਂ ਹੋ ਸਕਿਆ, ਜਿਸ ਨੇ ਗਰੁੱਪ ਦੇ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਉਲਝਾ ਦਿੱਤਾ ਹੈ।
ਬਾਰਿਸ਼ ਪੈਣ ਨਾਲ ਜ਼ਿੰਬਾਬਵੇ ਦੀ ਚਾਂਦੀ
ਇਸ ਮੈਚ ਦੇ ਨਤੀਜੇ ਦਾ ਸਭ ਤੋਂ ਵੱਡਾ ਅਸਰ ਆਸਟ੍ਰੇਲੀਆਈ ਟੀਮ ‘ਤੇ ਪੈਣ ਵਾਲਾ ਹੈ। ਜੇਕਰ ਬਾਰਿਸ਼ ਕਾਰਨ ਇਹ ਮੈਚ ਰੱਦ ਹੁੰਦਾ ਹੈ, ਤਾਂ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲੇਗਾ। ਅਜਿਹੀ ਸਥਿਤੀ ਵਿੱਚ ਜ਼ਿੰਬਾਬਵੇ ਦੇ ਕੁੱਲ 5 ਅੰਕ ਹੋ ਜਾਣਗੇ ਅਤੇ ਉਹ ਸਿੱਧਾ ‘ਸੁਪਰ-8’ ਪੜਾਅ ਵਿੱਚ ਪ੍ਰਵੇਸ਼ ਕਰ ਜਾਵੇਗੀ। ਦੂਜੇ ਪਾਸੇ, ਆਸਟ੍ਰੇਲੀਆ ਜੇਕਰ ਆਪਣਾ ਆਖਰੀ ਮੈਚ ਜਿੱਤ ਵੀ ਲੈਂਦਾ ਹੈ, ਤਾਂ ਵੀ ਉਸਦੇ ਵੱਧ ਤੋਂ ਵੱਧ 4 ਅੰਕ ਹੀ ਹੋਣਗੇ, ਜਿਸ ਕਾਰਨ ਕੰਗਾਰੂ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ।
ਗਰੁੱਪ-ਬੀ ਦੀ ਸਥਿਤੀ
ਗਰੁੱਪ-ਬੀ ਵਿੱਚੋਂ ਸ਼੍ਰੀਲੰਕਾ ਦੀ ਟੀਮ ਪਹਿਲਾਂ ਹੀ ਸੁਪਰ-8 ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਹੁਣ ਦੂਜੇ ਸਥਾਨ ਲਈ ਜ਼ਿੰਬਾਬਵੇ ਅਤੇ ਆਸਟ੍ਰੇਲੀਆ ਵਿਚਾਲੇ ਜੰਗ ਜਾਰੀ ਹੈ। ਜ਼ਿੰਬਾਬਵੇ ਨੇ ਲਗਾਤਾਰ ਦੋ ਜਿੱਤਾਂ ਦਰਜ ਕਰਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਅਤੇ ਹੁਣ ਕੁਦਰਤ ਵੀ ਉਹਨਾਂ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ।
ਮੈਦਾਨ ਦੇ ਹਾਲਾਤ ਤੇ ਕੱਟ-ਆਫ ਟਾਈਮ
ਪੱਲੇਕਲ ਸਟੇਡੀਅਮ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ, ਮੈਦਾਨ ਪੂਰੀ ਤਰ੍ਹਾਂ ਕਵਰਾਂ ਨਾਲ ਢਕਿਆ ਹੋਇਆ ਹੈ ਅਤੇ ਆਊਟਫੀਲਡ ਵਿੱਚ ਕਾਫੀ ਪਾਣੀ ਜਮਾਂ ਹੋ ਚੁੱਕਾ ਹੈ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਣਾ ਸੀ, ਪਰ ਬਾਰਿਸ਼ ਨੇ ਖੇਡ ਰੋਕ ਦਿੱਤੀ ਹੈ। ਜੇਕਰ ਮੈਚ ਸ਼ੁਰੂ ਹੁੰਦਾ ਹੈ, ਤਾਂ ਓਵਰਾਂ ਵਿੱਚ ਕਟੌਤੀ ਹੋਣੀ ਲਾਜ਼ਮੀ ਹੈ। ਮੈਚ ਸ਼ੁਰੂ ਕਰਨ ਦਾ ਆਖਰੀ ਸਮਾਂ ਸ਼ਾਮ 6:10 ਵਜੇ ਹੈ। ਜੇਕਰ ਇਸ ਸਮੇਂ ਤੱਕ ਖੇਡ ਸ਼ੁਰੂ ਨਹੀਂ ਹੁੰਦੀ, ਤਾਂ ਮੈਚ ਰੱਦ ਐਲਾਨ ਦਿੱਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



