ਮੁਕੇਰੀਆਂ : ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਕੌਲਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ 10 ਸਾਲ ਦੀ ਮਾਸੂਮ ਬੱਚੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤਿਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ।
ਸਮਾਨ ਲੈਣ ਜਾ ਰਹੀ ਸੀ ਮਾਸੂਮ ਪ੍ਰਭਜੋਤ
ਜਾਣਕਾਰੀ ਅਨੁਸਾਰ 10 ਸਾਲਾ ਪ੍ਰਭਜੋਤ ਕੌਰ ਪੁੱਤਰੀ ਹਰਸ਼ਵਿੰਦਰ ਕੌਰ ਪਿੰਡ ਦੀ ਇੱਕ ਦੁਕਾਨ ਤੋਂ ਕੁਝ ਘਰੇਲੂ ਸਮਾਨ ਲੈਣ ਜਾ ਰਹੀ ਸੀ। ਜਦੋਂ ਉਹ ਗਲੀ ਵਿੱਚ ਪਹੁੰਚੀ ਤਾਂ ਅਚਾਨਕ ਆਵਾਰਾ ਕੁੱਤਿਆਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਬੱਚੀ ਕੁਝ ਸਮਝ ਪਾਉਂਦੀ, ਇਸ ਤੋਂ ਪਹਿਲਾਂ ਹੀ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ।
ਔਰਤ ਨੇ ਹਿੰਮਤ ਦਿਖਾ ਕੇ ਬਚਾਈ ਜਾਨ
ਬੱਚੀ ਦੀਆਂ ਦਰਦਨਾਕ ਚੀਖਾਂ ਸੁਣ ਕੇ ਗਲੀ ਵਿੱਚ ਰਹਿਣ ਵਾਲੀ ਇੱਕ ਮਹਿਲਾ ਤੁਰੰਤ ਬਾਹਰ ਆਈ। ਉਸ ਨੇ ਬੱਚੀ ਨੂੰ ਕੁੱਤਿਆਂ ਦੇ ਚੰਗਲ ਵਿੱਚ ਫਸਿਆ ਦੇਖ ਹਿੰਮਤ ਦਿਖਾਈ ਅਤੇ ਹੋਰਨਾਂ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਿਲ ਨਾਲ ਬੱਚੀ ਨੂੰ ਛੁਡਵਾਇਆ। ਪਰ ਉਦੋਂ ਤੱਕ ਕੁੱਤਿਆਂ ਨੇ ਬੱਚੀ ਦੇ ਲੱਤਾਂ, ਗੋਡਿਆਂ ਅਤੇ ਕੁੱਲ੍ਹੇ ‘ਤੇ ਬੁਰੀ ਤਰ੍ਹਾਂ ਕੱਟ ਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ ਸੀ।
ਹਸਪਤਾਲ ‘ਚ ਲੱਗੇ ਕਈ ਟਾਂਕੇ, ਲੋਕਾਂ ‘ਚ ਰੋਸ
ਜ਼ਖ਼ਮੀ ਬੱਚੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਕਈ ਟਾਂਕੇ ਲਗਾਏ ਗਏ ਹਨ। ਬੱਚੀ ਦੀ ਮਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦਿਨੋਂ-ਦਿਨ ਵਧ ਰਹੀ ਆਵਾਰਾ ਕੁੱਤਿਆਂ ਦੀ ਗਿਣਤੀ ‘ਤੇ ਨਕੇਲ ਪਾਈ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਦਾ ਮਾਸੂਮ ਬੱਚਾ ਇਸ ਦਹਿਸ਼ਤ ਦਾ ਸ਼ਿਕਾਰ ਨਾ ਬਣੇ।



