ਮੁੰਬਈ: ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸੁਸਤੀ ਦੇਖਣ ਨੂੰ ਮਿਲੀ। ਸੋਮਵਾਰ ਸਵੇਰੇ ਬਾਜ਼ਾਰ ਖੁੱਲ੍ਹਦਿਆਂ ਹੀ ਨਿਵੇਸ਼ਕਾਂ ਵਿੱਚ ਸਾਵਧਾਨੀ ਵਾਲਾ ਮਾਹੌਲ ਰਿਹਾ, ਜਿਸ ਕਾਰਨ ਪ੍ਰਮੁੱਖ ਸੂਚਕਾਂਕ ਗਿਰਾਵਟ ਦੇ ਨਾਲ ਸ਼ੁਰੂ ਹੋਏ। ਸ਼ੁਰੂਆਤੀ ਕਾਰੋਬਾਰ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ 18.59 ਅੰਕ (0.02%) ਦੀ ਮਾਮੂਲੀ ਗਿਰਾਵਟ ਨਾਲ 80,704.35 ‘ਤੇ ਆ ਗਿਆ, ਜਦੋਂ ਕਿ ਨਿਫਟੀ 28.95 ਅੰਕ (0.12%) ਫਿਸਲ ਕੇ 24,796.50 ਦੇ ਪੱਧਰ ‘ਤੇ ਪਹੁੰਚ ਗਿਆ।
ਬਜਟ ਐਲਾਨਾਂ ਦਾ ਬਾਜ਼ਾਰ ‘ਤੇ ਦਬਾਅ
ਦੱਸਣਯੋਗ ਹੈ ਕਿ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਣ ਕਾਰਨ ਐਤਵਾਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਬਾਜ਼ਾਰ ਖੁੱਲ੍ਹਿਆ ਰਿਹਾ ਸੀ। ਵਿੱਤ ਮੰਤਰੀ ਵੱਲੋਂ ਬਜਟ ਦੌਰਾਨ ਕੀਤੇ ਗਏ ਕੁਝ ਐਲਾਨਾਂ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰਕੇ ਫਿਊਚਰਜ਼ ਐਂਡ ਆਪਸ਼ਨਜ਼ (F&O) ਟ੍ਰੇਡਿੰਗ ‘ਤੇ ਸਿਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (STT) ਵਧਾਉਣ ਦੇ ਫੈਸਲੇ ਨੇ ਬਾਜ਼ਾਰ ਦੇ ਸੈਂਟੀਮੈਂਟ ‘ਤੇ ਨਕਾਰਾਤਮਕ ਅਸਰ ਪਾਇਆ ਹੈ।
ਨਿਫਟੀ ਵਿੱਚ 2 ਫੀਸਦੀ ਦੀ ਵੱਡੀ ਗਿਰਾਵਟ
ਬਜਟ ਵਾਲੇ ਦਿਨ ਹੋਏ ਐਲਾਨਾਂ ਤੋਂ ਬਾਅਦ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਤੇਜ਼ ਹੋ ਗਿਆ। ਟੈਕਸ ਵਧਣ ਦੀ ਖ਼ਬਰ ਕਾਰਨ ਬੈਂਚਮਾਰਕ ਸੂਚਕਾਂਕ ਅਤੇ ਨਿਫਟੀ ਵਿੱਚ ਲਗਭਗ 2 ਪ੍ਰਤੀਸ਼ਤ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਿਵੇਸ਼ਕ ਨਵੀਂਆਂ ਟੈਕਸ ਨੀਤੀਆਂ ਦਾ ਮੁਲਾਂਕਣ ਕਰਨਗੇ, ਜਿਸ ਕਾਰਨ ਬਾਜ਼ਾਰ ਵਿੱਚ ਅਜੇ ਕੁਝ ਦਿਨ ਹੋਰ ਅਸਥਿਰਤਾ ਬਣੀ ਰਹਿ ਸਕਦੀ ਹੈ।



