ਪਿਓ ਦਾ ਅਧੂਰਾ ਸੁਪਨਾ ਪੁੱਤਰ ਨੇ ਕੀਤਾ ਪੂਰਾ: 13 ਸਾਲਾ ਸ਼ਿਵਮ ਨੇ ਜੂਡੋ ਵਿੱਚ ਗੱਡੇ ਝੰਡੇ, ਹੁਣ ਨੈਸ਼ਨਲ ਲਈ ਦਿਖਾਏਗਾ ਦਮ

ਗੁਰਦਾਸਪੁਰ :  ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਰਿਵਾਰ ਦੇ ਹੌਸਲੇ ਦੀ ਕਹਾਣੀ ਅੱਜ ਪੂਰੇ ਇਲਾਕੇ ਲਈ ਮਾਣ ਦਾ ਸਬੱਬ ਬਣੀ ਹੋਈ ਹੈ। 7ਵੀਂ ਜਮਾਤ ਵਿੱਚ…

championship

ਗੁਰਦਾਸਪੁਰ :  ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਰਿਵਾਰ ਦੇ ਹੌਸਲੇ ਦੀ ਕਹਾਣੀ ਅੱਜ ਪੂਰੇ ਇਲਾਕੇ ਲਈ ਮਾਣ ਦਾ ਸਬੱਬ ਬਣੀ ਹੋਈ ਹੈ। 7ਵੀਂ ਜਮਾਤ ਵਿੱਚ ਪੜ੍ਹਨ ਵਾਲੇ 13 ਸਾਲਾ ਸ਼ਿਵਮ ਸ਼ਰਮਾ ਨੇ ਮਹਿਜ਼ ਦੋ ਸਾਲਾਂ ਦੀ ਸਖ਼ਤ ਮਿਹਨਤ ਸਦਕਾ ਜੂਡੋ ਦੇ ਮੈਦਾਨ ਵਿੱਚ ਲਗਾਤਾਰ ਤਿੰਨ ਗੋਲਡ ਮੈਡਲ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ਼ਿਵਮ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਉਸ ਦੇ ਪਿਤਾ ਦੀਆਂ ਰੀਝਾਂ ਨੂੰ ਬੂਰ ਪਾਇਆ ਹੈ, ਸਗੋਂ ਉਸ ਦੀ ਚੋਣ ਨੈਸ਼ਨਲ ਸਕੂਲ ਗੇਮਜ਼ ਲਈ ਵੀ ਹੋ ਗਈ ਹੈ।

ਗ਼ਰੀਬੀ ਕਾਰਨ ਪਿਓ ਨਹੀਂ ਬਣ ਸਕਿਆ ਭਲਵਾਨ 

ਸ਼ਿਵਮ ਦੇ ਪਿਤਾ ਰਵਿੰਦਰ ਸ਼ਰਮਾ ਖ਼ੁਦ ਭਲਵਾਨੀ ਦੇ ਬੇਹੱਦ ਸ਼ੌਕੀਨ ਸਨ। ਉਹ ਅਖਾੜਿਆਂ ਵਿੱਚ ਜਾ ਕੇ ਨਾਮ ਕਮਾਉਣਾ ਚਾਹੁੰਦੇ ਸਨ, ਪਰ ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ। ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਨੂੰ ਖੇਡਾਂ ਵੱਲ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਰੁਚੀ ਨਾ ਹੋਣ ਕਾਰਨ ਉਸ ਨੂੰ ਆਈ.ਟੀ.ਆਈ. ਵਿੱਚ ਪਾ ਦਿੱਤਾ ਗਿਆ। ਅਖ਼ੀਰ ਛੋਟੇ ਪੁੱਤਰ ਸ਼ਿਵਮ ਨੇ ਆਪਣੇ ਪਿਤਾ ਦੇ ਸੁਪਨੇ ਦੀ ਲਾਟ ਨੂੰ ਮੁੜ ਜਗਾਇਆ ਅਤੇ ਖੇਡਾਂ ਦੇ ਮੈਦਾਨ ਵਿੱਚ ਨਿੱਤਰ ਆਇਆ।

ਸਮਾਜ ਸੇਵੀ ਅਤੇ ਕੋਚਾਂ ਦਾ ਮਿਲਿਆ ਸਾਥ

ਸ਼ਿਵਮ ਦਾ ਸਫ਼ਰ ਇੰਨਾ ਸੌਖਾ ਨਹੀਂ ਸੀ। ਸਮਾਜ ਸੇਵੀ ਰਵਿੰਦਰ ਖੰਨਾ ਦੇ ਸਹਿਯੋਗ ਨਾਲ ਸ਼ਿਵਮ ਸਾਲ 2023 ਵਿੱਚ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਵਿੱਚ ਦਾਖ਼ਲ ਹੋਇਆ। ਉੱਥੋਂ ਦੇ ਕੋਚਾਂ ਨੇ ਸ਼ਿਵਮ ਦੇ ਅੰਦਰ ਛੁਪੇ ਹੋਏ ਇੱਕ ਚੈਂਪੀਅਨ ਨੂੰ ਪਛਾਣਿਆ। ਪਰਿਵਾਰ ਦੀ ਆਰਥਿਕ ਤੰਗੀ ਨੂੰ ਦੇਖਦਿਆਂ ਕੋਚਾਂ ਨੇ ਖ਼ੁਦ ਉਸ ਦੀ ਖੇਡ ਕਿੱਟ ਅਤੇ ਮੁਕਾਬਲਿਆਂ ਵਿੱਚ ਜਾਣ ਦਾ ਖ਼ਰਚਾ ਚੁੱਕਿਆ। ਇਸ ਸਹਿਯੋਗ ਅਤੇ ਆਪਣੀ ਅਣਥੱਕ ਮਿਹਨਤ ਸਦਕਾ ਸ਼ਿਵਮ ਨੇ ਦੋ ਸਾਲਾਂ ਵਿੱਚ ਮੈਡਲਾਂ ਦੀ ਝੜੀ ਲਗਾ ਦਿੱਤੀ।

ਓਲੰਪੀਅਨ ਬਣਨ ਅਤੇ ਖ਼ਾਕੀ ਵਰਦੀ ਪਾਉਣ ਦਾ ਹੈ ਸੁਪਨਾ

ਹੁਣ ਸ਼ਿਵਮ ਨੈਸ਼ਨਲ ਗੇਮਜ਼ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਉਸ ਦਾ ਅੰਤਿਮ ਟੀਚਾ ਓਲੰਪੀਅਨ ਬਣ ਕੇ ਦੇਸ਼ ਲਈ ਤਗ਼ਮਾ ਜਿੱਤਣਾ ਹੈ। ਇੰਨਾ ਹੀ ਨਹੀਂ, ਸ਼ਿਵਮ ਜੂਡੋ ਦੇ ਉਨ੍ਹਾਂ ਦਿੱਗਜ ਖਿਡਾਰੀਆਂ ਤੋਂ ਪ੍ਰੇਰਿਤ ਹੈ ਜੋ ਅੱਜ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰ ਰਹੇ ਹਨ। ਉਹ ਖ਼ੁਦ ਵੀ ਪੁਲਿਸ ਅਫ਼ਸਰ ਬਣ ਕੇ ਲੋਕਾਂ ਦੀ ਸੇਵਾ ਕਰਨ ਅਤੇ ਜੂਡੋ ਖੇਡ ਨੂੰ ਹੋਰ ਅੱਗੇ ਲਿਜਾਣ ਦੀ ਤਮੰਨਾ ਰੱਖਦਾ ਹੈ।

ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/sarabjit-kaur-and-her-husband-arrested-from-nankana-sahib/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *