ਫਿਰੋਜ਼ਪੁਰ: ਪੰਜਾਬ ਦੇ ਫਿਰੋਜ਼ਪੁਰ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੇ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਇਲਾਕੇ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਮਹਿਜ਼ ਸੱਤ ਘੰਟਿਆਂ ਦੇ ਵਕਫੇ ਦੌਰਾਨ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਸਵੇਰੇ ਵੱਡੇ ਭਰਾ ਨੇ ਤੋੜਿਆ ਦਮ
ਜਾਣਕਾਰੀ ਮੁਤਾਬਕ ਪਿੰਡ ਦੇ ਰਹਿਣ ਵਾਲੇ 71 ਸਾਲਾ ਰਜਵੰਤ ਸਿੰਘ ਸੰਧੂ ਨੂੰ ਸਵੇਰੇ ਕਰੀਬ 8 ਵਜੇ ਅਚਾਨਕ ਦਿਲ ਦਾ ਦੌਰਾ ਪੈ ਗਿਆ। ਪਰਿਵਾਰਕ ਮੈਂਬਰ ਅਜੇ ਕੁਝ ਸਮਝ ਪਾਉਂਦੇ ਜਾਂ ਡਾਕਟਰੀ ਸਹਾਇਤਾ ਲੈਂਦੇ, ਉਸ ਤੋਂ ਪਹਿਲਾਂ ਹੀ ਰਜਵੰਤ ਸਿੰਘ ਨੇ ਆਖਰੀ ਸਾਹ ਲਿਆ। ਵੱਡੇ ਭਰਾ ਦੀ ਅਚਾਨਕ ਮੌਤ ਨਾਲ ਘਰ ਵਿੱਚ ਮਾਤਮ ਪਸਰ ਗਿਆ ਤੇ ਰਿਸ਼ਤੇਦਾਰ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿੱਚ ਜੁੱਟ ਗਏ।
ਵੱਡੇ ਭਰਾ ਦੇ ਵਿਛੋੜੇ ਦਾ ਗ਼ਮ ਨਾ ਸਹਾਰ ਸਕਿਆ ਭਰਾ
ਵੱਡੇ ਭਰਾ ਦੀ ਮੌਤ ਦਾ ਸਭ ਤੋਂ ਵੱਧ ਅਸਰ 69 ਸਾਲਾ ਛੋਟੇ ਭਰਾ ਭਗਵੰਤ ਸਿੰਘ ਸੰਧੂ ‘ਤੇ ਹੋਇਆ। ਦੁਪਹਿਰ ਵੇਲੇ ਜਦੋਂ ਰਜਵੰਤ ਸਿੰਘ ਦਾ ਅੰਤਿਮ ਸੰਸਕਾਰ ਕਰਕੇ ਪਰਿਵਾਰਕ ਮੈਂਬਰ ਘਰ ਪਰਤੇ, ਤਾਂ ਭਗਵੰਤ ਸਿੰਘ ਆਪਣੇ ਵੱਡੇ ਭਰਾ ਦੇ ਕਮਰੇ ਵਿੱਚ ਚਲੇ ਗਏ। ਉਹ ਉਸੇ ਬਿਸਤਰੇ ‘ਤੇ ਲੇਟ ਗਏ ਜਿੱਥੇ ਸਵੇਰੇ ਉਨ੍ਹਾਂ ਦੇ ਭਰਾ ਦੀ ਮੌਤ ਹੋਈ ਸੀ। ਵੱਡੇ ਭਰਾ ਦੇ ਜਾਣ ਦਾ ਦੁੱਖ ਉਨ੍ਹਾਂ ਦੇ ਦਿਲ ‘ਤੇ ਇੰਨਾ ਭਾਰੀ ਹੋਇਆ ਕਿ ਕਰੀਬ 3 ਵਜੇ ਉਨ੍ਹਾਂ ਨੂੰ ਵੀ ਜ਼ੋਰਦਾਰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਵੀ ਮੌਤ ਹੋ ਗਈ।
ਪਿੰਡ ਵਿੱਚ ਸੋਗ ਦੀ ਲਹਿਰ
ਇੱਕੋ ਦਿਨ, ਇੱਕੋ ਘਰ ਵਿੱਚੋਂ ਦੋ ਸਕੇ ਭਰਾਵਾਂ ਦੀਆਂ ਅਰਥੀਆਂ ਉੱਠਣ ਕਾਰਨ ਪੂਰੇ ਪਿੰਡ ਕੁਲਗੜ੍ਹੀ ਵਿੱਚ ਸਨਾਟਾ ਪਸਰਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਵਿੱਚ ਬਹੁਤ ਜ਼ਿਆਦਾ ਮੋਹ ਸੀ ਤੇ ਉਹ ਹਰ ਕੰਮ ਸਲਾਹ-ਮਸ਼ਵਰੇ ਨਾਲ ਕਰਦੇ ਸਨ।
ਕੁਦਰਤ ਦਾ ਕਹਿਰ
ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇ ਸਮੇਂ ਨੇ ਪਰਿਵਾਰ ਦੇ ਦੋ ਮਜ਼ਬੂਤ ਥੰਮ੍ਹ ਡੇਗ ਦਿੱਤੇ। ਇਸ ਦੁਖਦਾਈ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਰਿਸ਼ਤਿਆਂ ਦੀ ਡੋਰ ਕਈ ਵਾਰ ਇੰਨੀ ਗੂੜ੍ਹੀ ਹੁੰਦੀ ਹੈ ਕਿ ਮੌਤ ਵੀ ਉਨ੍ਹਾਂ ਨੂੰ ਜਿਆਦਾ ਦੇਰ ਜੁਦਾ ਨਹੀਂ ਰੱਖ ਸਕਦੀ। ਇਲਾਕੇ ਦੇ ਸਿਆਸੀ ਅਤੇ ਸਮਾਜਿਕ ਆਗੂਆਂ ਨੇ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Moga Rally: ਰੈਲੀ ਵਾਲੀ ਥਾਂ ਨੇੜੇ ਭਿਆਨਕ ਹਾਦਸਾ, ਬੱਸ ਨੇ ਪੁਲਿਸ ਮੁਲਾਜ਼ਮਾਂ ਦੀ ਕਾਰ ਨੂੰ ਮਾਰੀ ਟੱਕਰ, 3 ਜ਼ਖਮੀ



