ਟੋਕੀਓ: ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਦੇਸ਼ ਦੀਆਂ ਸੰਸਦੀ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਐਤਵਾਰ ਨੂੰ ਹੋਈਆਂ ਹੇਠਲੇ ਸਦਨ ਦੀਆਂ ਚੋਣਾਂ ਵਿੱਚ ਤਾਕਾਇਚੀ ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ ਨੇ 465 ਵਿੱਚੋਂ 354 ਸੀਟਾਂ ਜਿੱਤ ਕੇ ਦੋ-ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਇਹ ਅੰਕੜਾ ਬਹੁਮਤ ਲਈ ਲੋੜੀਂਦੀਆਂ 233 ਸੀਟਾਂ ਤੋਂ ਕਿਤੇ ਜ਼ਿਆਦਾ ਹੈ। ਇਸ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਜਾਪਾਨ ਵਿੱਚ ਮੁੜ ਤਾਕਾਇਚੀ ਸਰਕਾਰ ਬਣਨ ਜਾ ਰਹੀ ਹੈ।
ਤਾਕਾਇਚੀ ਦਾ ਸਿਆਸੀ ਦਾਅ ਰਿਹਾ ਸਫਲ
Congratulations Sanae Takaichi on your landmark victory in the elections to the House of Representatives!
Our Special Strategic and Global Partnership plays a vital role in enhancing…
— Narendra Modi (@narendramodi) February 8, 2026
ਗੌਰਤਲਬ ਹੈ ਕਿ ਸਨਾਏ ਤਾਕਾਇਚੀ ਨੇ ਅਕਤੂਬਰ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਅਚਾਨਕ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਸੀ। ਹਾਲਾਂਕਿ ਉਨ੍ਹਾਂ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਕੁਝ ਵਿਵਾਦਾਂ ਕਾਰਨ ਦਬਾਅ ਵਿੱਚ ਸੀ, ਪਰ ਤਾਕਾਇਚੀ ਦੀ ਨਿੱਜੀ ਲੋਕਪ੍ਰਿਯਤਾ ਨੇ ਬਾਜ਼ੀ ਪਲਟ ਦਿੱਤੀ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਜੇਕਰ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਤਾਂ ਉਹ ਅਸਤੀਫਾ ਦੇ ਦੇਣਗੇ। ਪਰ ਵੋਟਰਾਂ ਨੇ ਉਨ੍ਹਾਂ ਦੇ ਮਿਹਨਤੀ ਅਕਸ ਅਤੇ ਸਿੱਧੀ ਗੱਲ ਕਰਨ ਦੇ ਅੰਦਾਜ਼ ‘ਤੇ ਭਰੋਸਾ ਜਤਾਉਂਦਿਆਂ ਵਿਰੋਧੀ ਧਿਰ ਨੂੰ ਸਿਰਫ 111 ਸੀਟਾਂ ‘ਤੇ ਹੀ ਸਮੇਟ ਦਿੱਤਾ।
ਪੀਐਮ ਮੋਦੀ ਅਤੇ ਡੋਨਾਲਡ ਟਰੰਪ ਨੇ ਦਿੱਤੀ ਵਧਾਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਜਿੱਤ ‘ਤੇ ਤਾਕਾਇਚੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਅਤੇ ਜਾਪਾਨ ਦੀ ਰਣਨੀਤਕ ਸਾਂਝੇਦਾਰੀ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਬੇਹੱਦ ਅਹਿਮ ਹੈ। ਉਨ੍ਹਾਂ ਉਮੀਦ ਜਤਾਈ ਕਿ ਤਾਕਾਇਚੀ ਦੀ ਅਗਵਾਈ ਹੇਠ ਦੋਵਾਂ ਦੇਸ਼ਾਂ ਦੇ ਸਬੰਧ ਨਵੀਆਂ ਉਚਾਈਆਂ ਨੂੰ ਛੂਹਣਗੇ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਤਾਕਾਇਚੀ ਦੇ ਦੂਰਦਰਸ਼ੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਟਰੰਪ ਨੇ ਦੱਸਿਆ ਕਿ ਉਹ 19 ਮਾਰਚ ਨੂੰ ਵ੍ਹਾਈਟ ਹਾਊਸ ਵਿੱਚ ਤਾਕਾਇਚੀ ਦਾ ਸਵਾਗਤ ਕਰਨ ਲਈ ਉਤਸੁਕ ਹਨ।
ਕੌਮਾਂਤਰੀ ਪੱਧਰ ‘ਤੇ ਪ੍ਰਭਾਵ ਅਤੇ ਚੁਣੌਤੀਆਂ
ਤਾਕਾਇਚੀ ਦੀ ਵਾਪਸੀ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਦੇ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਉਹ ਜਾਪਾਨ ਦੀ ਫੌਜੀ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਚੀਨ ਪ੍ਰਤੀ ਸਖ਼ਤ ਰੁਖ਼ ਅਖਤਿਆਰ ਕਰਨ ਵਾਲੀ ਦੱਖਣਪੰਥੀ ਨੀਤੀ ਦੇ ਹਾਮੀ ਹਨ। ਹਾਲਾਂਕਿ, ਉਨ੍ਹਾਂ ਦੀ ਰਾਸ਼ਟਰਵਾਦੀ ਸੋਚ ਕਾਰਨ ਚੀਨ ਨਾਲ ਤਣਾਅ ਵਧਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਵਲੋਂ ਟੈਕਸ ਕਟੌਤੀ ਦੇ ਕੀਤੇ ਵਾਅਦਿਆਂ ਨੇ ਬਾਜ਼ਾਰਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਵਿਸ਼ਲੇਸ਼ਕਾਂ ਮੁਤਾਬਕ ਭਾਰਤ, ਅਮਰੀਕਾ ਅਤੇ ਜਾਪਾਨ ਵਿਚਾਲੇ ਵਧਦਾ ਸਹਿਯੋਗ ਖੇਤਰੀ ਸੁਰੱਖਿਆ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



