ਸਮਰਾਲਾ : ਪੰਜਾਬ ਵਿੱਚ ਨਸ਼ੇ ਦੀ ਲਤ ਨਾ ਸਿਰਫ਼ ਨੌਜਵਾਨੀ ਨੂੰ ਖ਼ਤਮ ਕਰ ਰਹੀ ਹੈ, ਸਗੋਂ ਹੁਣ ਸੜਕਾਂ ‘ਤੇ ਚੱਲਦੇ ਬੇਗੁਨਾਹ ਲੋਕਾਂ ਲਈ ਵੀ ਕਾਲ ਬਣ ਰਹੀ ਹੈ। ਸਮਰਾਲਾ ਦੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਨਸ਼ੇ ਵਿੱਚ ਗੁੱਟ ਇੱਕ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਮਦਦ ਦੀ ਬਜਾਏ ਕੀਤਾ ਸ਼ਰਮਸ਼ਾਰ ਕਰਨ ਵਾਲਾ ਕਾਰਾ
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਤੇ ਉਨ੍ਹਾਂ ਦੀ ਪਤਨੀ ਆਪਣੇ ਮੋਟਰਸਾਈਕਲ ‘ਤੇ ਖੰਨਾ ਵਾਲੇ ਪਾਸਿਓਂ ਆ ਰਹੇ ਸਨ। ਜਦੋਂ ਉਹ ਕੁੱਲ੍ਹੇਵਾਲ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਈਡ ‘ਤੇ ਆ ਰਹੀ ਇਕ ਤੇਜ਼ ਰਫ਼ਤਾਰ ਟੋਇਟਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਮੁਤਾਬਕ ਕਾਰ ਚਾਲਕ ਇੰਨਾ ਬੇਪਰਵਾਹ ਸੀ ਕਿ ਉਸ ਨੇ ਮੋਟਰਸਾਈਕਲ ਨੂੰ ਕਾਫੀ ਦੂਰ ਤੱਕ ਘਸੀਟਿਆ, ਜਿਸ ਕਾਰਨ ਬਲਵਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਤਲਾਸ਼ੀ ਦੌਰਾਨ ਕਾਰ ਚਾਲਕ ਕੋਲੋ ਫੜਿਆ ਇਹ ਸਮਾਨ
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਕਾਰ ਚਾਲਕ ਨੌਜਵਾਨ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ। ਜਦੋਂ ਲੋਕਾਂ ਨੇ ਉਸ ਨੂੰ ਕਾਬੂ ਕੀਤਾ, ਤਾਂ ਉਸ ਦੀ ਜੇਬ ਵਿੱਚੋਂ ਨਸ਼ੀਲਾ ਪਦਾਰਥ ਤੇ ਇੱਕ ਟੀਕਾ ਬਰਾਮਦ ਹੋਇਆ। ਲੋਕਾਂ ਅਨੁਸਾਰ ਨੌਜਵਾਨ ਇੰਨਾ ਜ਼ਿਆਦਾ ਨਸ਼ੇ ਵਿੱਚ ਸੀ ਕਿ ਉਸ ਨੂੰ ਆਪਣੇ ਹੋਸ਼ ਵੀ ਨਹੀਂ ਸਨ। ਗੁੱਸੇ ਵਿੱਚ ਆਏ ਲੋਕਾਂ ਨੇ ਤੁਰੰਤ ਕਾਰ ਚਾਲਕ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪਤੀ ਦੀ ਹਾਲਤ ਨਾਜ਼ੁਕ
ਜ਼ਖਮੀ ਨਿਰਮਲ ਸਿੰਘ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਸਮਰਾਲਾ ਦੇ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਸਰੀਰਕ ਸੱਟਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 (GMCH-32) ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਓਧਰ, ਪੁਲਿਸ ਨੇ ਮ੍ਰਿਤਕ ਮਹਿਲਾ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਖ਼ਤ ਕਾਰਵਾਈ ਦੀ ਮੰਗ
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਹੈ। ਸਮਰਾਲਾ ਦੇ ਡੀ.ਐਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਸ਼ੀ ਕਾਰ ਚਾਲਕ ਦਾ ਡੋਪ ਟੈਸਟ ਕਰਵਾਇਆ ਜਾਵੇਗਾ ਤਾਂ ਜੋ ਨਸ਼ੇ ਦੀ ਪੁਸ਼ਟੀ ਹੋ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



