ਅੰਮ੍ਰਿਤਸਰ (ਇੰਟ.)- ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਬੁੱਧਵਾਰ ਦੇਰ ਰਾਤ ਇਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੈਲੂਨ ਵਿਚ ਕੰਮ ਕਰਨ ਵਾਲੀ ਲੜਕੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਲਾਸ਼ ਪਿੰਡ ਪੰਡੋਰੀ ਦੇ ਨੇੜੇ ਸੁੱਟ ਦਿੱਤੀ। ਵਾਰਦਾਤ ਵਿਚ ਇਸਤੇਮਾਲ ਪਿਸਟਲ ਵੀ ਮ੍ਰਿਤਕਾ ਨੇੜਿਓਂ ਮਿਲੀ। ਪਿੰਡ ਵਾਲਿਆਂ ਨੇ ਜਦੋਂ ਲਾਸ਼ ਵੇਖੀ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵਲੋਂ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਮੁਤਾਬਕ ਮ੍ਰਿਤਕਾ ਦੀ ਪਛਾਣ ਅਮਨਪ੍ਰੀਤ ਕੌਰ ਵਾਸੀ ਮਜੀਠਾ ਰੋਡ ਰਿਸ਼ੀ ਵਿਹਾਰ ਗੰਡਾ ਸਿੰਘ ਵਾਲਾ ਵਜੋਂ ਹੋਈ ਹੈ। ਅਮਨਪ੍ਰੀਤ ਸੈਲੂਨ ਵਿਚ ਕੰਮ ਕਰਦੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨ ਦਾ ਬੁੱਧਵਾਰ ਨੂੰ ਫੋਨ ਆਇਆ ਸੀ ਕਿ ਉਹ ਸ਼ਾਮ ਨੂੰ ਦੇਰ ਨਾਲ ਘਰ ਆਵੇਗੀ ਕਿਉਂਕਿ ਉਹ ਕਿਸੇ ਦਾ ਫੇਸ਼ੀਅਲ ਕਰਨ ਜਾ ਰਹੀ ਹੈ। ਉਸ ਤੋਂ ਬਾਅਦ ਅਮਨਪ੍ਰੀਤ ਨਾਲ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰਕ ਮੈਂਬਰ ਸਾਰੀ ਰਾਤ ਉਸ ਨੂੰ ਫੋਨ ਕਰ ਰਹੇ ਸਨ ਪਰ ਰਿੰਗ ਜਾਣ ‘ਤੇ ਵੀ ਉਸ ਨੇ ਫੋਨ ਨਹੀਂ ਚੁੱਕਿਆ।
ਸਵੇਰੇ ਜਿਵੇਂ ਹੀ ਪਰਿਵਾਰ ਥਾਣੇ ਜਾਣ ਲੱਗਾ ਤਾਂ ਪੁਲਸ ਦਾ ਫੋਨ ਆਇਆ ਕਿ ਅਮਨਪ੍ਰੀਤ ਦੀ ਲਾਸ਼ ਮਿਲੀ ਹੈ। ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਪੁਲਸ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅਮਨ ਦੇ ਫੋਨ ਤੋਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਪੁਲਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਸੈਲੂਨ ਵਿਚ ਵੀ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ। ਮਾਮਲੇ ਦੀ ਕਈ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਇਲਾਕੇ ਵਿਚ ਲਾਸ਼ ਮਿਲੀ ਹੈ, ਉਥੋਂ ਤੱਕ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।



