ਫਰੀਦਕੋਟ: ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟਦਿਆਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਉੱਤਰੀ ਭਾਰਤ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਪਹਿਲੀ ਵਾਰ ਰੋਬੋਟਿਕ ਸਰਜਰੀ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਇਸ ਮੰਤਵ ਲਈ ਹਸਪਤਾਲ ਵਿੱਚ 4.50 ਕਰੋੜ ਰੁਪਏ ਦੀ ਲਾਗਤ ਨਾਲ ਇਜ਼ਰਾਈਲੀ ਤਕਨੀਕ ‘ਤੇ ਅਧਾਰਿਤ ‘ਰੋਬੋਟਿਕ ਸਿਮੂਲੇਟਰ’ ਸਥਾਪਿਤ ਕੀਤਾ ਗਿਆ ਹੈ। ਹੁਣ ਪੰਜਾਬ ਸਮੇਤ ਦੇਸ਼ ਭਰ ਦੇ ਡਾਕਟਰਾਂ ਨੂੰ ਟ੍ਰੇਨਿੰਗ ਲਈ ਮੁੰਬਈ ਜਾਂ ਹੈਦਰਾਬਾਦ ਵਰਗੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ।
AI ਤਕਨੀਕ ਨਾਲ ਲੈਸ ਹੈ ਇਹ ਆਧੁਨਿਕ ਮਸ਼ੀਨ
ਮੈਡੀਕਲ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਡਾ. ਸੌਰਵ ਸਿਨਹਾ ਨੇ ਦੱਸਿਆ ਕਿ ਇਹ ਸਿਮੂਲੇਟਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਹੈ। ਇਹ ਮਸ਼ੀਨ ਇੱਕ ਟ੍ਰੇਨਰ ਵਜੋਂ ਕੰਮ ਕਰਦੀ ਹੈ। ਜਦੋਂ ਕੋਈ ਡਾਕਟਰ ਟ੍ਰੇਨਿੰਗ ਦੌਰਾਨ ਕੋਈ ਗਲਤੀ ਕਰਦਾ ਹੈ, ਤਾਂ ਮਸ਼ੀਨ ਤੁਰੰਤ ਉਸ ਨੂੰ ਸੁਚੇਤ ਕਰਦੀ ਹੈ ਅਤੇ ਅੱਗੇ ਕੀ ਕਰਨਾ ਹੈ, ਇਸ ਬਾਰੇ ਵੀ ਮਾਰਗਦਰਸ਼ਨ ਕਰਦੀ ਹੈ। ਯੂਰੋਲੋਜੀਕਲ ਸੁਸਾਇਟੀ ਆਫ਼ ਇੰਡੀਆ ਨੇ ਇਸ ਨੂੰ ਅਪਣਾ ਲਿਆ ਹੈ ਅਤੇ ਜਲਦ ਹੀ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਟੀਮ ਵੀ ਇਸ ਦਾ ਨਿਰੀਖਣ ਕਰਨ ਲਈ ਆ ਰਹੀ ਹੈ। ਅਗਲੇ ਸਾਲ ਤੋਂ ਫਰੀਦਕੋਟ ਵਿੱਚ ਰੋਬੋਟ ਰਾਹੀਂ ਅਸਲ ਸਰਜਰੀਆਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ‘ਚ ਮਿਲੇਗੀ ਵੱਡੀ ਮਦਦ
ਯੂਰੋਲੋਜੀ ਪ੍ਰੋਫੈਸਰ ਡਾ. ਮਹੇਸ਼ ਚੰਦਰਾ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਦਾ ਸਭ ਤੋਂ ਵੱਡਾ ਫਾਇਦਾ ਕੈਂਸਰ ਦੇ ਆਪਰੇਸ਼ਨਾਂ ਵਿੱਚ ਹੁੰਦਾ ਹੈ। ਪ੍ਰੋਸਟੇਟ, ਕਿਡਨੀ ਅਤੇ ਬਲੈਡਰ ਕੈਂਸਰ ਦੀ ਲੈਪਰੋਸਕੋਪਿਕ ਸਰਜਰੀ ਕਾਫੀ ਮੁਸ਼ਕਿਲ ਹੁੰਦੀ ਹੈ, ਪਰ ਰੋਬੋਟਿਕ ਤਕਨੀਕ ਨਾਲ ਇਹ ਆਪਰੇਸ਼ਨ ਥ੍ਰੀ-ਡੀ (3D) ਵਿਜ਼ਨ ਰਾਹੀਂ ਬਹੁਤ ਘੱਟ ਸਮੇਂ ਅਤੇ ਸੁਰੱਖਿਅਤ ਤਰੀਕੇ ਨਾਲ ਕੀਤੇ ਜਾ ਸਕਦੇ ਹਨ। ਇਸ ਪਹਿਲਕਦਮੀ ਨਾਲ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਧੀਨ ਚੱਲ ਰਿਹਾ ਇਹ ਮੈਡੀਕਲ ਕਾਲਜ ਹੁਣ ਦੇਸ਼ ਦੇ ਚੋਟੀ ਦੇ ਮੈਡੀਕਲ ਸਿਖਲਾਈ ਕੇਂਦਰਾਂ ਵਿੱਚ ਸ਼ਾਮਿਲ ਹੋ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/arjun-bijlani-father-in-law-rakesh-chandra-swamy-passes-away/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



