ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਦਿੱਲੀ ਪੁਲਿਸ ਅਤੇ ਸ਼ਿਮਲਾ ਪੁਲਿਸ ਆਹਮੋ-ਸਾਹਮਣੇ ਆ ਗਈਆਂ। AI ਸਿਖਰ ਸੰਮੇਲਨ ਦੌਰਾਨ ਹੰਗਾਮਾ ਕਰਨ ਦੇ ਦੋਸ਼ ਵਿੱਚ ਯੂਥ ਕਾਂਗਰਸ ਦੇ ਤਿੰਨ ਵਰਕਰਾਂ ਨੂੰ ਗ੍ਰਿਫਤਾਰ ਕਰਨ ਆਈ ਦਿੱਲੀ ਪੁਲਿਸ ਵਿਰੁੱਧ ਸ਼ਿਮਲਾ ਪੁਲਿਸ ਨੇ ਅਗਵਾ ਦਾ ਮੁਕੱਦਮਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਹੀ ਮੁਲਜ਼ਮਾਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ, ਜਿਸ ਤੋਂ ਬਾਅਦ ਸ਼ਿਮਲਾ ਪੁਲਿਸ ਨੇ ਪਹਿਲਾਂ ਸੋਲਨ ਦੇ ਧਰਮਪੁਰ ਅਤੇ ਫਿਰ ਸ਼ੋਘੀ ਬੈਰੀਅਰ ‘ਤੇ ਉਨ੍ਹਾਂ ਨੂੰ ਰੋਕ ਲਿਆ।
ਬਿਨਾਂ ਇਜਾਜ਼ਤ ਗ੍ਰਿਫਤਾਰੀ ਤੇ ਸੀਸੀਟੀਵੀ ਡੀਵੀਆਰ ਕਬਜ਼ੇ ਵਿੱਚ ਲੈਣ ਦੇ ਇਲਜ਼ਾਮ
ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸ਼ਿਮਲਾ ਪੁਲਿਸ ਨੂੰ ਸੂਚਨਾ ਮਿਲੀ ਕਿ 15 ਤੋਂ 20 ਅਣਪਛਾਤੇ ਵਿਅਕਤੀ ਸਾਦੇ ਕੱਪੜਿਆਂ ਵਿੱਚ ਆਏ ਅਤੇ ਚਿਰਗਾਂਵ ਦੇ ਮਾਂਡਲੀ ਸਥਿਤ ‘ਚਾਂਸ਼ਲ ਰਿਜ਼ੋਰਟ’ ਵਿੱਚ ਠਹਿਰੇ ਤਿੰਨ ਮਹਿਮਾਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਸ਼ਿਕਾਇਤ ਮੁਤਾਬਕ, ਇਹ ਲੋਕ ਨਾ ਸਿਰਫ਼ ਮਹਿਮਾਨਾਂ ਨੂੰ ਨਾਲ ਲੈ ਗਏ, ਸਗੋਂ ਉਨ੍ਹਾਂ ਦੀ ਥਾਰ ਗੱਡੀ ਅਤੇ ਰਿਜ਼ੋਰਟ ਦੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ (DVR) ਵੀ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਜਾਂ ਰਸੀਦ ਦੇ ਚੁੱਕ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਚਿਰਗਾਂਵ ਥਾਣੇ ਵਿੱਚ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੋਰਟ ਤੋਂ ਬਾਅਦ ਫਿਰ ਹੋਈ ਬਹਿਸਬਾਜ਼ੀ
ਦਿਨ ਵੇਲੇ ਸ਼ਿਮਲਾ ਪੁਲਿਸ ਨੇ ਦਿੱਲੀ ਪੁਲਿਸ ਦੀ ਟੀਮ ਨੂੰ ਜ਼ਿਲ੍ਹਾ ਅਦਾਲਤ ਚੱਕਰ ਵਿੱਚ ਪੇਸ਼ ਕੀਤਾ ਸੀ। ਅਦਾਲਤ ਵਿੱਚ ਹੋਈ ਬਹਿਸ ਤੋਂ ਬਾਅਦ ਦਿੱਲੀ ਪੁਲਿਸ ਮੁਲਜ਼ਮਾਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋ ਗਈ ਸੀ, ਪਰ ਸ਼ਿਮਲਾ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਹੋਣ ਕਾਰਨ ਉਨ੍ਹਾਂ ਨੂੰ ਸ਼ੋਘੀ ਬੈਰੀਅਰ ‘ਤੇ ਮੁੜ ਰੋਕ ਲਿਆ। ਇਸ ਦੌਰਾਨ ਦੋਵਾਂ ਰਾਜਾਂ ਦੀ ਪੁਲਿਸ ਵਿਚਾਲੇ ਤਿੱਖੀ ਬਹਿਸਬਾਜ਼ੀ ਦੇਖਣ ਨੂੰ ਮਿਲੀ। ਸ਼ਿਮਲਾ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਦੂਜੇ ਰਾਜ ਦੀ ਪੁਲਿਸ ਸਥਾਨਕ ਪੁਲਿਸ ਦੀ ਇਜਾਜ਼ਤ ਜਾਂ ਜਾਣਕਾਰੀ ਤੋਂ ਬਿਨਾਂ ਇਸ ਤਰ੍ਹਾਂ ਕਾਰਵਾਈ ਨਹੀਂ ਕਰ ਸਕਦੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



