ਗੁਰਦਾਸਪੁਰ: ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸਥਾਨਕ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਮਾਮ ਉੱਚ ਅਧਿਕਾਰੀ ਮੌਜੂਦ ਰਹੇ। ਹਾਲਾਂਕਿ, ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਸਟੇਡੀਅਮ ਦੀ ਗਰਾਊਂਡ ਗਿੱਲੀ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਝਾਕੀਆਂ ਦੀ ਪੇਸ਼ਕਾਰੀ ਨੂੰ ਰੋਕਣਾ ਪਿਆ। ਹੁਣ ਇਨ੍ਹਾਂ ਝਾਕੀਆਂ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਕੱਲ੍ਹ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਲਿਆ ਜਾਵੇਗਾ।
ਏ.ਡੀ.ਸੀ. ਗੁਰਸਿਮਰਨ ਸਿੰਘ ਨੇ ਲਿਆ ਸਲਾਮੀ ਦਾ ਨਿਰੀਖਣ
ਅੱਜ ਦੇ ਰਿਹਰਸਲ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਏ.ਡੀ.ਸੀ. ਗੁਰਸਿਮਰਨ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਵੱਲੋਂ ਪੇਸ਼ ਕੀਤੇ ਗਏ ਸ਼ਾਨਦਾਰ ਮਾਰਚ ਪਾਸਟ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ। ਉਨ੍ਹਾਂ ਨੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਸਕੂਲਾਂ ਨੂੰ ਮਿਲੀਆਂ ਧਮਕੀਆਂ ‘ਤੇ ਪ੍ਰਸ਼ਾਸਨ ਸਖ਼ਤ: ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ. ਗੁਰਸਿਮਰਨ ਸਿੰਘ ਨੇ ਸਕੂਲਾਂ ਵਿੱਚ ਤਿਰੰਗਾ ਨਾ ਲਹਿਰਾਉਣ ਸਬੰਧੀ ਮਿਲ ਰਹੀਆਂ ਕਥਿਤ ਧਮਕੀਆਂ ‘ਤੇ ਸਖ਼ਤ ਰੁਖ਼ ਅਖ਼ਤਿਆਰ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ, “ਸਕੂਲਾਂ ਦੀ ਸੁਰੱਖਿਆ ਲਈ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ-ਸ਼ਾਂਤੀ ਭੰਗ ਕਰਨ ਜਾਂ ਕੋਈ ਸਾਜ਼ਿਸ਼ ਰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਸ਼ਰਾਰਤੀ ਅਨਸਰਾਂ ਦੀ ਹਰ ਹਰਕਤ ‘ਤੇ ਪੁਲਿਸ ਦੀ ਨਜ਼ਰ
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਜਾਂ ਧਮਕੀਆਂ ਤੋਂ ਨਾ ਡਰਨ। ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਹੈ ਅਤੇ ਗਣਤੰਤਰ ਦਿਵਸ ਦੇ ਸਮਾਗਮਾਂ ਨੂੰ ਸੁਰੱਖਿਅਤ ਅਤੇ ਸ਼ਾਨਦਾਰ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।



