ਨਵੀਂ ਦਿੱਲੀ : ਆਪਣੇ ਖ਼ਾਸ ਅੰਦਾਜ਼ ਤੇ ਰੈਪ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਅਮਰੀਕੀ ਰੈਪਰ ਤੇ ਗ੍ਰੈਮੀ ਐਵਾਰਡ ਜੇਤੂ ਕਾਨਯੇ ਵੈਸਟ (Kanye West) ਜਲਦ ਹੀ ਭਾਰਤ ਆ ਰਹੇ ਹਨ। ਭਾਰਤੀ ਪ੍ਰਸ਼ੰਸਕਾਂ ਲਈ ਇਹ ਇੱਕ ਵੱਡੀ ਖ਼ੁਸ਼ਖ਼ਬਰੀ ਹੈ ਕਿਉਂਕਿ Kanye West ਪਹਿਲੀ ਵਾਰ ਭਾਰਤ ਵਿੱਚ ਆਪਣਾ ਲਾਈਵ ਸ਼ੋਅ ਪੇਸ਼ ਕਰਨ ਜਾ ਰਹੇ ਹਨ। ਦਿੱਲੀ ਵਿੱਚ ਹੋਣ ਵਾਲੇ ਇਸ ਮੈਗਾ ਈਵੈਂਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਦਿੱਲੀ ‘ਚ ਕਰਨਗੇ ਸ਼ੋਅ
View this post on Instagram
ਮੀਡੀਆ ਰਿਪੋਰਟਾਂ ਤੇ ਅਧਿਕਾਰਤ ਸੋਸ਼ਲ ਮੀਡੀਆ ਅਪਡੇਟਸ ਮੁਤਾਬਕ, ਇਹ ਸ਼ਾਨਦਾਰ ਕੰਸਰਟ 29 ਮਾਰਚ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜਵਾਹਰ ਲਾਲ ਨਹਿਰੂ (JLN) ਸਟੇਡੀਅਮ ਵਿੱਚ ਹੋਵੇਗਾ। ਇਸ ਸ਼ੋਅ ਵਿੱਚ ਕਾਨਯੇ ਆਪਣੇ ਪੁਰਾਣੇ ਆਈਕਾਨਿਕ ਹਿੱਟ ਗਾਣਿਆਂ ਤੋਂ ਲੈ ਕੇ ਹਾਲ ਹੀ ਵਿੱਚ ਰਿਲੀਜ਼ ਹੋਏ ਨਵੇਂ ਟਰੈਕ ਪੇਸ਼ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੀਆਂ ਟਿਕਟਾਂ ਦੀ ਵਿਕਰੀ 18 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ।
ਵਿਸ਼ਵ ਪੱਧਰੀ ਸਟੇਜ ਤੇ ਸ਼ਾਨਦਾਰ ਅਨੁਭਵ
ਇਸ ਕੰਸਰਟ ਨੂੰ ਸਫ਼ਲ ਬਣਾਉਣ ਲਈ ‘ਵ੍ਹਾਇਟ ਫੌਕਸ’, ‘ਪਲੱਸ਼ ਐਂਟਰਟੇਨਮੈਂਟ’ ਤੇ ‘ਵਿਜ਼ਕ੍ਰਾਫਟ’ ਵਰਗੀਆਂ ਵੱਡੀਆਂ ਕੰਪਨੀਆਂ ਇਕਜੁੱਟ ਹੋਈਆਂ ਹਨ। ਵਿਜ਼ਕ੍ਰਾਫਟ ਦੇ ਨਿਰਦੇਸ਼ਕ ਸਬਾਸ ਜੋਸੇਫ ਨੇ ਕਿਹਾ ਕਿ ਇਹ ਇਵੈਂਟ ਸਾਬਤ ਕਰਦਾ ਹੈ ਕਿ ਭਾਰਤ ਹੁਣ ਦੁਨੀਆ ਦੇ ਸਭ ਤੋਂ ਵੱਡੇ ਸਟੇਜ ਵਜੋਂ ਉੱਭਰ ਰਿਹਾ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸ਼ੋਅ ਵਿੱਚ ਫੈਨਜ਼ ਨੂੰ ਇੱਕ ਵਿਸ਼ਾਲ ਸਟੇਜ ਸੈੱਟਅੱਪ, ਬਿਹਤਰੀਨ ਸਾਊਂਡ ਸਿਸਟਮ ਅਤੇ ਯਾਦਗਾਰ ਵਿਜ਼ੂਅਲ ਅਨੁਭਵ ਮਿਲੇਗਾ।
ਭਾਰਤ ਨਾਲ ਕਾਨਯੇ ਦਾ ਪੁਰਾਣਾ ਰਿਸ਼ਤਾ
ਭਾਵੇਂ ਕਾਨਯੇ ਵੈਸਟ ਪਹਿਲੀ ਵਾਰ ਭਾਰਤ ਵਿੱਚ ਸਟੇਜ ਪਰਫਾਰਮੈਂਸ ਦੇ ਰਹੇ ਹਨ, ਪਰ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਨਹੀਂ ਹੈ। ਇਸ ਤੋਂ ਪਹਿਲਾਂ ਉਹ ਸਾਲ 2009 ਵਿੱਚ ਭਾਰਤ ਦੇ ਆਸ਼ਰਮ ਘੁੰਮਣ ਆਏ ਸਨ ਅਤੇ 2012 ਵਿੱਚ ਆਪਣੇ ਫੈਸ਼ਨ ਬ੍ਰਾਂਡ ਦੇ ਪ੍ਰਮੋਸ਼ਨ ਲਈ ਮੁੰਬਈ ਪਹੁੰਚੇ ਸਨ। ਪਰ ਇਸ ਵਾਰ ਉਹ ਮੁੱਖ ਰੂਪ ਵਿੱਚ ਆਪਣੇ ਸੰਗੀਤਕ ਸਫ਼ਰ ਅਤੇ ਪ੍ਰਸ਼ੰਸਕਾਂ ਨਾਲ ਜੁੜਨ ਲਈ ਆ ਰਹੇ ਹਨ।
24 ਗ੍ਰੈਮੀ ਐਵਾਰਡਾਂ ਦਾ ਸਫ਼ਰ
ਕਾਨਯੇ ਵੈਸਟ ਨੂੰ ਸੰਗੀਤ ਜਗਤ ਦਾ ਦਿੱਗਜ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ 24 ਗ੍ਰੈਮੀ ਐਵਾਰਡ ਜਿੱਤੇ ਹਨ ਤੇ ਕਈ ਚਾਰਟ-ਟੌਪਿੰਗ ਗਾਣੇ ਦਿੱਤੇ ਹਨ। ਉਨ੍ਹਾਂ ਦੇ ਲਾਈਵ ਸ਼ੋਅ ਨੂੰ ਦੁਨੀਆ ਭਰ ਵਿੱਚ ਇੱਕ ਵੱਖਰੇ ਹੀ ਪੱਧਰ ਦਾ ਮੰਨਿਆ ਜਾਂਦਾ ਹੈ, ਅਤੇ ਹੁਣ ਦਿੱਲੀ ਦੇ ਪ੍ਰਸ਼ੰਸਕ ਇਸ ਇਤਿਹਾਸਕ ਪਲ ਦਾ ਹਿੱਸਾ ਬਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Ludhiana Murder : ਮਾਡਲ ਟਾਊਨ ਦੇ ਖਾਲੀ ਮੈਦਾਨ ‘ਚੋਂ ਮਿਲੀ 55 ਸਾਲਾ ਵਿਅਕਤੀ ਦੀ ਲਾਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ



