ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਅਤੇ ਅਦਾਕਾਰਾ ਪੱਤਰਲੇਖਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਵਿਆਹ ਦੇ ਲਗਭਗ ਚਾਰ ਸਾਲ ਬਾਅਦ ਇਸ ਜੋੜੇ ਦੇ ਘਰ ਬੇਟੀ ਦਾ ਜਨਮ ਹੋਇਆ ਹੈ। ਅੱਜ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਦਿਖਾਉਣ ਦੇ ਨਾਲ-ਨਾਲ ਉਸ ਦੇ ਨਾਂ ਦਾ ਵੀ ਖੁਲਾਸਾ ਕਰ ਦਿੱਤਾ ਹੈ।
ਬੇਟੀ ਦੇ ਨਾਂ ਤੋਂ ਹਟਾਇਆ ਪਰਦਾ

ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਇੰਸਟਾਗ੍ਰਾਮ ‘ਤੇ ਇੱਕ ਸਾਂਝੀ ਪੋਸਟ ਪਾ ਕੇ ਆਪਣੀ ਬੇਟੀ ਦਾ ਨਾਂ ‘ਪਾਰਵਤੀ ਪੌਲ ਰਾਓ’ (Parvati Paul Rao) ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਹੱਥ ਜੋੜ ਕੇ ਅਤੇ ਪੂਰੇ ਦਿਲ ਨਾਲ, ਅਸੀਂ ਤੁਹਾਨੂੰ ਆਪਣੀ ਸਭ ਤੋਂ ਵੱਡੀ ਬਰਕਤ ਨਾਲ ਮਿਲਾ ਰਹੇ ਹਾਂ।” ਸਾਂਝੀ ਕੀਤੀ ਗਈ ਫੋਟੋ ਵਿੱਚ ਜੋੜੇ ਨੇ ਆਪਣੀ ਬੇਟੀ ਦਾ ਹੱਥ ਫੜਿਆ ਹੋਇਆ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਬੇਟੀ ਦਾ ਚਿਹਰਾ ਜਨਤਕ ਨਹੀਂ ਕੀਤਾ।
ਵਿਆਹ ਦੀ ਵਰ੍ਹੇਗੰਢ ‘ਤੇ ਮਿਲਿਆ ਕੁਦਰਤ ਦਾ ਤੋਹਫ਼ਾ

ਦਿਲਚਸਪ ਗੱਲ ਇਹ ਹੈ ਕਿ ਪੱਤਰਲੇਖਾ ਨੇ 15 ਨਵੰਬਰ 2025 ਨੂੰ ਬੇਟੀ ਨੂੰ ਜਨਮ ਦਿੱਤਾ, ਜੋ ਕਿ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਦਾ ਦਿਨ ਵੀ ਸੀ। ਰਾਜਕੁਮਾਰ ਅਤੇ ਪੱਤਰਲੇਖਾ ਦਾ ਵਿਆਹ 15 ਨਵੰਬਰ 2021 ਨੂੰ ਚੰਡੀਗੜ੍ਹ ਵਿਖੇ ਹੋਇਆ ਸੀ। ਅਜਿਹੇ ਵਿੱਚ ਬੇਟੀ ਦਾ ਜਨਮ ਇਸ ਜੋੜੇ ਲਈ ਵਿਆਹ ਦੀ ਵਰ੍ਹੇਗੰਢ ‘ਤੇ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ ਰਿਹਾ।
11 ਸਾਲ ਦੇ ਡੇਟਿੰਗ ਤੋਂ ਬਾਅਦ ਹੋਇਆ ਸੀ ਵਿਆਹ

ਰਾਜਕੁਮਾਰ ਰਾਓ ਅਤੇ ਪੱਤਰਲੇਖਾ ਦੀ ਪ੍ਰੇਮ ਕਹਾਣੀ ਬਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਕਹਾਣੀਆਂ ਵਿੱਚੋਂ ਇੱਕ ਹੈ। ਦੋਵਾਂ ਨੇ ਇੱਕ-ਬੋਜੇ ਨੂੰ ਲਗਭਗ 11 ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ। ਰਾਜਕੁਮਾਰ ਰਾਓ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੱਤਰਲੇਖਾ ਨਾਲ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਸੀ।
ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਸੋਨਾਕਸ਼ੀ ਸਿਨਹਾ, ਭੂਮੀ ਪੇਡਨੇਕਰ ਅਤੇ ਹੋਰ ਕਈ ਬਾਲੀਵੁੱਡ ਹਸਤੀਆਂ ਨੇ ਇਸ ਜੋੜੇ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ‘ਤੇ ‘ਪਾਰਵਤੀ ਪੌਲ ਰਾਓ’ ‘ਤੇ ਆਪਣਾ ਪਿਆਰ ਲੁਟਾ ਰਹੇ ਹਨ ਅਤੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਭੇਜ ਰਹੇ ਹਨ।



