ਗੁਰਦਾਸਪੁਰ : ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ। ਇਹ ਕਾਰਵਾਈ ਪੰਜਾਬ ਸਰਕਾਰ ਦੇ ਵਿਸ਼ੇਸ਼ ‘ਮਿਸ਼ਨ ਪ੍ਰਹਾਰ-2’ ਤਹਿਤ ਸੂਬੇ ਦੇ ਡੀ.ਜੀ.ਪੀ. ਅਤੇ ਐਸ.ਐਸ.ਪੀ. ਬਟਾਲਾ ਮਹਿਤਾਬ ਸਿੰਘ ਦੀ ਰਹਿਨੁਮਾਈ ਹੇਠ ਅੰਜਾਮ ਦਿੱਤੀ ਗਈ।
ਸੁਰੱਖਿਆ ਦਾ ਅਹਿਸਾਸ ਕਰਵਾਉਣਾ ਮੁੱਖ ਮਕਸਦ
ਫਲੈਗ ਮਾਰਚ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਇਸ ਮਾਰਚ ਵਿੱਚ ਐਸ.ਐਚ.ਓ. ਕੋਟਲੀ ਸੂਰਤ ਮੱਲ੍ਹੀ, ਐਸ.ਐਚ.ਓ. ਕੋਰੀਡੋਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੇ ਕਮਾਂਡੋ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਲਾਕੇ ਵਿੱਚ ਵਾਪਰੀਆਂ ਕੁਝ ਘਟਨਾਵਾਂ ਕਾਰਨ ਪੈਦਾ ਹੋਏ ਸਹਿਮ ਦੇ ਮਾਹੌਲ ਨੂੰ ਖ਼ਤਮ ਕਰਨਾ ਅਤੇ ਲੋਕਾਂ ਵਿੱਚ ‘ਸੈਂਸ ਆਫ਼ ਸਿਕਿਉਰਿਟੀ’ (ਸੁਰੱਖਿਆ ਦੀ ਭਾਵਨਾ) ਪੈਦਾ ਕਰਨਾ ਪੁਲਿਸ ਦੀ ਮੁੱਖ ਤਰਜੀਹ ਹੈ।
ਨਸ਼ਿਆਂ ਅਤੇ ਅਪਰਾਧ ਖਿਲਾਫ਼ ਜ਼ੀਰੋ ਟਾਲਰੈਂਸ
ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਸਾਹਿਬ ਦੀਆਂ ਸਖ਼ਤ ਹਦਾਇਤਾਂ ‘ਤੇ ਪੂਰੇ ਪੰਜਾਬ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ 24 ਘੰਟੇ ਮੁਸਤੈਦ ਹੈ ਅਤੇ ਹਰ ਸ਼ਰਾਰਤੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਪੁਆਇੰਟਾਂ ‘ਤੇ ਪੈਟਰੋਲਿੰਗ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਤੁਰੰਤ ਰੋਕਿਆ ਜਾ ਸਕੇ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸ਼ਿਕੰਜਾ
ਫਲੈਗ ਮਾਰਚ ਦੇ ਨਾਲ-ਨਾਲ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਵੀ ਤੇਜ਼ ਕਰ ਦਿੱਤੀ ਗਈ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਖ਼ਾਸ ਤੌਰ ‘ਤੇ ਉਨ੍ਹਾਂ ਦੋ ਪਹੀਆ ਵਾਹਨਾਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਗਾਇਬ ਹਨ ਜਾਂ ਜੋ ਰੁਮਾਲ ਬੰਨ੍ਹ ਕੇ ਘੁੰਮ ਰਹੇ ਹਨ। ਅਜਿਹੇ ਕਈ ਮੋਟਰਸਾਈਕਲ ਇਮਪਾਊਂਡ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਾਕਿਆਂ ‘ਤੇ ਹਥਿਆਰਬੰਦ ਕਮਾਂਡੋ ਤਾਇਨਾਤ ਕੀਤੇ ਗਏ ਹਨ ਤਾਂ ਜੋ ਲੋੜ ਪੈਣ ‘ਤੇ ਤੁਰੰਤ ਜਵਾਬੀ ਕਾਰਵਾਈ ਕੀਤੀ ਜਾ ਸਕੇ।
ਲੋਕਾਂ ਨੂੰ ਅਪੀਲ
ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਡਰ ਵਿੱਚ ਨਾ ਰਹਿਣ। ਪੁਲਿਸ ਹਰ ਪਲ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਹੈ। ਰਾਤ ਦੇ ਸਮੇਂ ਵੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਲੋਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Arjun Tendulkar’s wedding trumpet: ਸਚਿਨ ਨੇ ਪਰਿਵਾਰ ਸਮੇਤ PM ਮੋਦੀ ਅਤੇ ਸੋਨੀਆ ਗਾਂਧੀ ਨੂੰ ਦਿੱਤਾ ਸੱਦਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



