ਬਰਨਾਲਾ : ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਮਹਿਲ ਖ਼ੁਰਦ ਵਿਖੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ਵਿੱਚ ਜਾ ਪਲਟੀ। ਇਸ ਹਾਦਸੇ ਵਿੱਚ ਬੱਸ ਸਵਾਰ ਲਗਭਗ 15 ਯਾਤਰੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ ਸਕੂਲਾਂ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ।
ਡਰਾਈਵਰ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
ਘਟਨਾ ਸਥਾਨ ‘ਤੇ ਮੌਜੂਦ ਜ਼ਖ਼ਮੀ ਸਵਾਰੀਆਂ ਨੇ ਬੱਸ ਡਰਾਈਵਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਹਾਦਸੇ ਦਾ ਸ਼ਿਕਾਰ ਹੋਈ ਵਿਦਿਆਰਥਣ ਗਗਨਦੀਪ ਕੌਰ ਨੇ ਦੱਸਿਆ ਕਿ ਡਰਾਈਵਰ ਬਹੁਤ ਹੀ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ। ਉਸ ਅਨੁਸਾਰ, ਇੱਕ ਮੋੜ ‘ਤੇ ਬੱਸ ਪਹਿਲਾਂ ਇੱਕ ਦਰੱਖਤ ਨਾਲ ਟਕਰਾਉਣ ਤੋਂ ਮਸਾਂ ਬਚੀ, ਪਰ ਥੋੜ੍ਹੀ ਦੂਰ ਜਾਂਦਿਆਂ ਹੀ ਡਰਾਈਵਰ ਨੇ ਬੱਸ ਖੇਤਾਂ ਵਿੱਚ ਪਲਟ ਦਿੱਤੀ। ਸਵਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਡਰਾਈਵਰ ਨਸ਼ੇ ਵਿੱਚ ਹੋਵੇ ਜਾਂ ਉਸ ਦੀ ਨਜ਼ਰ ਕਮਜ਼ੋਰ ਹੋਵੇ।
2 ਦੀ ਹਾਲਤ ਗੰਭੀਰ, ਬਰਨਾਲਾ ਰੈਫਰ
ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਐਸ.ਐਮ.ਓ (SMO) ਅਨੁਸਾਰ, 15 ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਕਾਫ਼ੀ ਨਾਜ਼ੁਕ ਸੀ, ਜਿਸ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਰਨਾਲਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਦੇ ਸਿਰ ਅਤੇ ਸਰੀਰ ‘ਤੇ ਚੋਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।
ਘਟਨਾ ਸਥਾਨ ਦਾ ਦ੍ਰਿਸ਼ ਅਤੇ ਪੁਲਿਸ ਕਾਰਵਾਈ
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੇਤਾਂ ਵਿੱਚ ਪਲਟੀ ਹੋਈ ਬੱਸ ਅਤੇ ਚੀਕ-ਚਿਹਾੜਾ ਪਾਉਂਦੇ ਲੋਕਾਂ ਦੇ ਦ੍ਰਿਸ਼ ਬੇਹੱਦ ਦਰਦਨਾਕ ਸਨ। ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਫ਼ਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :
‘CASCO’ search operation : 26 ਜਨਵਰੀ ਤੋਂ ਪਹਿਲਾਂ ਐਕਸ਼ਨ ‘ਚ ਬਰਨਾਲਾ ਪੁਲਿਸ



