ਮੈਕਸੀਕੋ : ਦੱਖਣੀ ਅਮਰੀਕੀ ਦੇਸ਼ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.5 ਮਾਪੀ ਗਈ ਹੈ। ਇਸ ਕੁਦਰਤੀ ਆਫ਼ਤ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਭਾਰੀ ਮਾਲੀ ਨੁਕਸਾਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਭੂਚਾਲ ਦਾ ਕੇਂਦਰ ਅਤੇ ਆਫਟਰਸ਼ੌਕਸ ਦਾ ਕਹਿਰ
ਰਾਸ਼ਟਰੀ ਭੂਚਾਲ ਵਿਗਿਆਨ ਸੇਵਾ ਅਨੁਸਾਰ ਭੂਚਾਲ ਦਾ ਕੇਂਦਰ ਦੱਖਣੀ ਰਾਜ ਗੁਰੇਰੋ ਦੇ ਸੈਨ ਮਾਰਕੋਸ ਕਸਬੇ ਨੇੜੇ ਸੀ। ਇਹ ਇਲਾਕਾ ਪ੍ਰਸ਼ਾਂਤ ਤੱਟ ‘ਤੇ ਸਥਿਤ ਮਸ਼ਹੂਰ ਟੂਰਿਸਟ ਸਪਾਟ ‘ਅਕਾਪੁਲਕੋ’ ਦੇ ਬਹੁਤ ਨਜ਼ਦੀਕ ਹੈ। ਮੁੱਖ ਝਟਕੇ ਤੋਂ ਬਾਅਦ 500 ਤੋਂ ਵੱਧ ਆਫਟਰਸ਼ੌਕਸ (ਭੂਚਾਲ ਤੋਂ ਬਾਅਦ ਦੇ ਹਲਕੇ ਝਟਕੇ) ਦਰਜ ਕੀਤੇ ਗਏ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਰਾਸ਼ਟਰਪਤੀ ਦੀ ਲਾਈਵ ਕਾਨਫਰੰਸ ‘ਚ ਪਈ ਰੁਕਾਵਟ
ਜਿਸ ਸਮੇਂ ਭੂਚਾਲ ਆਇਆ, ਉਸ ਵੇਲੇ ਮੈਕਸੀਕੋ ਦੀ ਰਾਸ਼ਟਰਪਤੀ ਲਾਉਡੀਆ ਸ਼ੀਨਬਾਮ ਨਵੇਂ ਸਾਲ ਦੇ ਸਬੰਧ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰ ਰਹੀ ਸੀ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਾਨਫਰੰਸ ਨੂੰ ਵਿਚਾਲੇ ਹੀ ਰੋਕਣਾ ਪਿਆ। ਹਾਲਾਂਕਿ, ਸਥਿਤੀ ਦਾ ਜਾਇਜ਼ਾ ਲੈਣ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਣੀ ਬ੍ਰੀਫਿੰਗ ਦੁਬਾਰਾ ਸ਼ੁਰੂ ਕੀਤੀ।
ਜਾਨੀ ਤੇ ਮਾਲੀ ਨੁਕਸਾਨ ਦੀ ਰਿਪੋਰਟ
ਗਵਰਨਰ ਐਵਲਿਨ ਸਾਲਗਾਡੋ ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਦੇ ਨੇੜੇ ਇੱਕ 50 ਸਾਲਾ ਮਹਿਲਾ ਦੀ ਘਰ ਡਿੱਗਣ ਕਾਰਨ ਮੌਤ ਹੋ ਗਈ। ਦੂਜੀ ਮੌਤ ਮੈਕਸੀਕੋ ਸਿਟੀ ਵਿੱਚ ਹੋਈ, ਜਿੱਥੇ ਇੱਕ ਵਿਅਕਤੀ ਇਮਾਰਤ ਖਾਲੀ ਕਰਦੇ ਸਮੇਂ ਡਿੱਗ ਗਿਆ ਅਤੇ ਮੈਡੀਕਲ ਐਮਰਜੈਂਸੀ ਕਾਰਨ ਉਸ ਦੀ ਜਾਨ ਚਲੀ ਗਈ।
ਸੜਕਾਂ ‘ਤੇ ਨਿਕਲੇ ਲੋਕ, ਸੰਚਾਰ ਵਿਵਸਥਾ ਠੱਪ
ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਆਪਣੇ ਘਰਾਂ ਅਤੇ ਦਫਤਰਾਂ ਵਿੱਚੋਂ ਨਿਕਲ ਕੇ ਸੜਕਾਂ ਵੱਲ ਦੌੜ ਪਏ। ਭੂਚਾਲ ਤੋਂ ਪਹਿਲਾਂ ਇੱਕ ਤੇਜ਼ ਗੜਗੜਾਹਟ ਸੁਣਾਈ ਦਿੱਤੀ ਅਤੇ ਜਾਨਵਰ ਵੀ ਅਜੀਬ ਹਰਕਤਾਂ ਕਰਨ ਲੱਗ ਪਏ ਸਨ। ਕਈ ਇਲਾਕਿਆਂ ਵਿੱਚ ਬਿਜਲੀ ਅਤੇ ਸੰਚਾਰ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/russia-ukraine-war-horrific-drone-attack-during-new-year-celebrations-24-killed-many-burned-alive/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



