ਕਪੂਰਥਲਾ: ਵਿਦੇਸ਼ੀ ਕਮਾਈ ਦੀ ਚਾਹਤ ਕਈ ਵਾਰ ਅਜਿਹੇ ਜ਼ਖ਼ਮ ਦੇ ਜਾਂਦੀ ਹੈ ਜੋ ਉਮਰ ਭਰ ਨਹੀਂ ਭਰਦੇ। ਕਪੂਰਥਲਾ ਅਤੇ ਤਰਨਤਾਰਨ ਨਾਲ ਸਬੰਧਤ ਦੋ ਅਜਿਹੇ ਦਿਲ ਕੰਬਾਊ ਮਾਮਲੇ ਸਾਹਮਣੇ ਆਏ ਹਨ, ਜਿੱਥੇ ਓਮਾਨ (ਮਸਕਟ) ਵਿੱਚ ਫਸੀਆਂ ਪੰਜਾਬੀ ਮਹਿਲਾਵਾਂ ਆਪਣੀ ਗਰੀਬੀ ਅਤੇ ਮਜਬੂਰੀ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਦਾ ਆਖ਼ਰੀ ਵਾਰ ਚਿਹਰਾ ਦੇਖਣ ਲਈ ਤੜਫ ਰਹੀਆਂ ਹਨ।
ਕੈਂਸਰ ਪੀੜਤ ਪੁੱਤਰ ਦੇ ਇਲਾਜ ਲਈ ਗਈ ਸੀ ਵਿਦੇਸ਼
ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਨਾਲ ਸਬੰਧਤ ਮੰਗਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ 8 ਸਾਲਾ ਪੁੱਤਰ ਨਵਦੀਪ ਬਲੱਡ ਕੈਂਸਰ ਨਾਲ ਜੂਝ ਰਿਹਾ ਸੀ। ਇਲਾਜ ਲਈ ਹੋਏ ਕਰਜ਼ੇ ਨੂੰ ਉਤਾਰਨ ਦੀ ਮਜਬੂਰੀ ਵਿੱਚ ਉਸ ਦੀ ਪਤਨੀ ਪਿਛਲੇ ਸਾਲ ਸਤੰਬਰ ਵਿੱਚ ਓਮਾਨ ਗਈ ਸੀ। ਹਫ਼ਤਾ ਪਹਿਲਾਂ ਨਵਦੀਪ ਦੀ ਮੌਤ ਹੋ ਗਈ, ਪਰ ਮਾਂ ਦੇ ਮਸਕਟ ਵਿੱਚ ਫਸੇ ਹੋਣ ਕਾਰਨ ਬੱਚੇ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਮਾਸੂਮ ਦੀ ਦੇਹ ਪਿਛਲੇ ਅੱਠ ਦਿਨਾਂ ਤੋਂ ਹਸਪਤਾਲ ਵਿੱਚ ਰੱਖੀ ਹੋਈ ਹੈ, ਕਿਉਂਕਿ ਪਰਿਵਾਰ ਦੀ ਜ਼ਿੱਦ ਹੈ ਕਿ ਮਾਂ ਦੇ ਆਉਣ ਤੋਂ ਬਾਅਦ ਹੀ ਸੰਸਕਾਰ ਕੀਤਾ ਜਾਵੇਗਾ।
ਮਾਲਕਾਂ ਨੇ ਵਾਪਸੀ ਲਈ ਮੰਗੇ ਲੱਖਾਂ ਰੁਪਏ
ਪੀੜਤ ਮਹਿਲਾ ਨੇ ਜਦੋਂ ਆਪਣੇ ਪੁੱਤਰ ਦੀ ਗੰਭੀਰ ਹਾਲਤ ਬਾਰੇ ਜਾਣ ਕੇ ਵਾਪਸ ਭਾਰਤ ਆਉਣ ਦੀ ਇਜਾਜ਼ਤ ਮੰਗੀ, ਤਾਂ ਜਿਸ ਪਰਿਵਾਰ ਕੋਲ ਉਹ ਕੰਮ ਕਰ ਰਹੀ ਸੀ, ਉਨ੍ਹਾਂ ਨੇ ਵਾਪਸੀ ਦੇ ਬਦਲੇ ਲੱਖਾਂ ਰੁਪਏ ਦੀ ਮੰਗ ਕਰ ਦਿੱਤੀ। ਏਜੰਟਾਂ ਦੇ ਝਾਂਸੇ ਵਿੱਚ ਫਸੀ ਇਹ ਮਹਿਲਾ ਆਪਣੇ ਪੁੱਤਰ ਨੂੰ ਆਖ਼ਰੀ ਵਾਰ ਗਲੇ ਲਗਾਉਣ ਲਈ ਮਿੰਨਤਾਂ ਕਰਦੀ ਰਹੀ, ਪਰ ਬੇਰਹਿਮ ਮਾਲਕਾਂ ਨੇ ਉਸ ਨੂੰ ਜਾਣ ਨਹੀਂ ਦਿੱਤਾ।
ਪਤੀ ਦੇ ਅੰਤਿਮ ਸੰਸਕਾਰ ‘ਚ ਵੀ ਸ਼ਾਮਲ ਨਹੀਂ ਹੋ ਸਕੀ ਤਰਨਤਾਰਨ ਦੀ ਮਹਿਲਾ
ਇਸੇ ਤਰ੍ਹਾਂ ਦਾ ਇੱਕ ਹੋਰ ਦਰਦਨਾਕ ਮਾਮਲਾ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹੈ। ਓਮਾਨ ਵਿੱਚ ਫਸੀ ਇੱਕ ਮਹਿਲਾ ਆਪਣੇ ਪਤੀ ਰਸਲ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੋ ਸਕੀ। ਪਰਿਵਾਰ ਨੇ ਕਈ ਦਿਨਾਂ ਤੱਕ ਉਡੀਕ ਕੀਤੀ, ਪਰ ਜਦੋਂ ਮਹਿਲਾ ਦੀ ਵਾਪਸੀ ਸੰਭਵ ਨਾ ਹੋਈ ਤਾਂ ਮਜਬੂਰਨ ਸੰਸਕਾਰ ਕਰਨਾ ਪਿਆ।
ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ ਮੰਗੀ ਮਦਦ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਮਾਮਲਿਆਂ ਨੂੰ ਬੇਹੱਦ ਗੰਭੀਰ ਦੱਸਦਿਆਂ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਤੁਰੰਤ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾਵੇ। ਸੰਤ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਪੂਰੀ ਜਾਂਚ-ਪੜਤਾਲ ਦੇ ਵਿਦੇਸ਼ ਜਾਣ ਦੇ ਫੈਸਲੇ ਨਾ ਲਏ ਜਾਣ, ਕਿਉਂਕਿ ਅਜਿਹੇ ਮਾਮਲੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਹਨ।



