ਗੁਰਦਾਸਪੁਰ : ਜ਼ਿਲ੍ਹਾ ਕਚਹਿਰੀਆਂ ਅਤੇ ਪ੍ਰਸ਼ਾਸਨਿਕ ਕੰਪਲੈਕਸ ਗੁਰਦਾਸਪੁਰ ਦੇ ਬਾਹਰ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਟ੍ਰੈਫਿਕ ਪੁਲਿਸ ਨੇ ਅੱਜ ਵੱਡੀ ਕਾਰਵਾਈ ਕੀਤੀ ਹੈ। ਸੜਕ ਕਿਨਾਰੇ ਗ਼ਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਕਾਰਨ ਲੱਗ ਰਹੇ ਜਾਮ ਤੋਂ ਨਿਜਾਤ ਦਿਵਾਉਣ ਲਈ ਪੁਲਿਸ ਵੱਲੋਂ ਦਰਜਨਾਂ ਗੱਡੀਆਂ ਦੇ ਚਲਾਨ ਕੱਟੇ ਗਏ।
ਪਾਰਕਿੰਗ ਫੀਸ ਬਚਾਉਣ ਦੇ ਚੱਕਰ ‘ਚ ਲੱਗ ਰਿਹਾ ਜਾਮ
ਜ਼ਿਲ੍ਹਾ ਕਚਹਿਰੀਆਂ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਸਰਕਾਰੀ ਕੰਮਾਂ-ਕਾਰਾਂ ਲਈ ਪਹੁੰਚਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਪਾਰਕਿੰਗ ਫੀਸ ਬਚਾਉਣ ਦੇ ਲਾਲਚ ਵਿੱਚ ਆਪਣੀਆਂ ਗੱਡੀਆਂ ਨਿਰਧਾਰਿਤ ਪਾਰਕਿੰਗ ਵਿੱਚ ਖੜ੍ਹੀਆਂ ਕਰਨ ਦੀ ਬਜਾਏ ਮੁੱਖ ਸੜਕ ‘ਤੇ ਹੀ ਪਾਰਕ ਕਰ ਦਿੰਦੇ ਹਨ। ਕਈ-ਕਈ ਘੰਟੇ ਗੱਡੀਆਂ ਸੜਕ ‘ਤੇ ਖੜ੍ਹੇ ਰਹਿਣ ਕਾਰਨ ਆਮ ਲੋਕਾਂ ਅਤੇ ਐਂਬੂਲੈਂਸ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਲੰਘਣ ਵਿੱਚ ਭਾਰੀ ਮੁਸ਼ਕਿਲ ਹੁੰਦੀ ਹੈ।
ਗੈਰ-ਹਾਜ਼ਰ ਚਾਲਕਾਂ ਦੀਆਂ ਗੱਡੀਆਂ ‘ਤੇ ਚਿਪਕਾਏ ਚਲਾਨ
ਟ੍ਰੈਫਿਕ ਪੁਲਿਸ ਦੀ ਟੀਮ ਨੇ ਅੱਜ ਮੁਹਿੰਮ ਚਲਾ ਕੇ ਸੜਕ ‘ਤੇ ਖੜ੍ਹੀਆਂ ਗੱਡੀਆਂ ਦੇ ਮੌਕੇ ‘ਤੇ ਹੀ ਚਲਾਨ ਕੱਟੇ। ਜਿਨ੍ਹਾਂ ਗੱਡੀਆਂ ਦੇ ਮਾਲਕ ਜਾਂ ਚਾਲਕ ਮੌਕੇ ‘ਤੇ ਮੌਜੂਦ ਨਹੀਂ ਸਨ, ਪੁਲਿਸ ਨੇ ਉਨ੍ਹਾਂ ਗੱਡੀਆਂ ਦੇ ਵਾਈਪਰਾਂ ਜਾਂ ਸ਼ੀਸ਼ਿਆਂ ‘ਤੇ ਚਲਾਨ ਦੀਆਂ ਕਾਪੀਆਂ ਚਿਪਕਾ ਦਿੱਤੀਆਂ। ਪੁਲਿਸ ਦੀ ਇਸ ਅਚਾਨਕ ਕੀਤੀ ਕਾਰਵਾਈ ਕਾਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚ ਭਾਜੜ ਮਚ ਗਈ।
ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਕਾਰਵਾਈ
ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਸਖ਼ਤ ਨਿਰਦੇਸ਼ਾਂ ‘ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਵਿਗਾੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਤਨਾਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਸਿਰਫ਼ ਨਿਰਧਾਰਿਤ ਪਾਰਕਿੰਗ ਵਿੱਚ ਹੀ ਖੜ੍ਹੀਆਂ ਕਰਨ ਤਾਂ ਜੋ ਸੜਕਾਂ ‘ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੇ।



