ਕੋਟਕਪੂਰਾ: ਪਿਛਲੇ ਕਈ ਦਿਨਾਂ ਤੋਂ ਰਸੋਈ ਗੈਸ (LPG) ਦੀ ਸਪਲਾਈ ਨੂੰ ਲੈ ਕੇ ਚੱਲ ਰਹੀ ਖੱਜਲ-ਖੁਆਰੀ ਕਾਰਨ ਅੱਜ ਕੋਟਕਪੂਰਾ ਵਿੱਚ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਫਰੀਦਕੋਟ ਰੋਡ ‘ਤੇ ਸਥਿਤ ‘ਜੀਨਾ ਗੈਸ ਏਜੰਸੀ’ ਦੇ ਬਾਹਰ ਖੜ੍ਹੇ ਖਪਤਕਾਰਾਂ ਨੇ ਉਸ ਸਮੇਂ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਦੋਂ ਕਈ ਘੰਟੇ ਇੰਤਜ਼ਾਰ ਕਰਨ ਦੇ ਬਾਵਜੂਦ ਏਜੰਸੀ ਦਾ ਦਫ਼ਤਰ ਨਹੀਂ ਖੁੱਲ੍ਹਿਆ। ਲੋਕਾਂ ਦਾ ਦੋਸ਼ ਹੈ ਕਿ ਉਹ ਪਿਛਲੇ 10-12 ਦਿਨਾਂ ਤੋਂ ਸਿਲੰਡਰਾਂ ਲਈ ਭਟਕ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਗੋਦਾਮ ਅਤੇ ਦਫ਼ਤਰ ਵਿਚਾਲੇ ਫਸੇ ਖਪਤਕਾਰ
ਪ੍ਰਦਰਸ਼ਨਕਾਰੀ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਲੋਕਾਂ ਅਨੁਸਾਰ, ਜਦੋਂ ਉਹ ਗੈਸ ਲੈਣ ਲਈ ਗੋਦਾਮ ਜਾਂਦੇ ਹਨ ਤਾਂ ਉੱਥੋਂ ਉਨ੍ਹਾਂ ਨੂੰ ਦਫ਼ਤਰ ਭੇਜ ਦਿੱਤਾ ਜਾਂਦਾ ਹੈ, ਪਰ ਦਫ਼ਤਰ ਪਹੁੰਚਣ ‘ਤੇ ਉੱਥੇ ਤਾਲਾ ਲਟਕਿਆ ਮਿਲਦਾ ਹੈ। ਕਈ ਘੰਟੇ ਲਾਈਨਾਂ ਵਿੱਚ ਲੱਗਣ ਦੇ ਬਾਵਜੂਦ ਖਾਲੀ ਹੱਥ ਪਰਤਣਾ ਪੈ ਰਿਹਾ ਸੀ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਅਤੇ ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਚਮਕੌਰ ਸਿੰਘ ਬਰਾੜ ਮੌਕੇ ‘ਤੇ ਪਹੁੰਚੇ ਅਤੇ ਬੰਦ ਪਏ ਦਫ਼ਤਰ ਨੂੰ ਖੁਲ੍ਹਵਾ ਕੇ ਸਥਿਤੀ ਨੂੰ ਸ਼ਾਂਤ ਕੀਤਾ।
ਏਜੰਸੀ ਮੈਨੇਜਰ ਦੀ ਸਫਾਈ
ਦੂਜੇ ਪਾਸੇ, ਏਜੰਸੀ ਦੇ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਗੈਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਅੱਜ ਸਾਰਾ ਸਟਾਫ਼ ਗੋਦਾਮ ਵਿੱਚ ਸਪਲਾਈ ਦੇ ਕੰਮ ਵਿੱਚ ਰੁੱਝਿਆ ਹੋਇਆ ਸੀ, ਜਿਸ ਕਾਰਨ ਦਫ਼ਤਰ ਖੋਲ੍ਹਣ ਵਿੱਚ ਦੇਰੀ ਹੋ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਸਪਲਾਈ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਨੇ ਦਿੱਤੀ ਚੇਤਾਵਨੀ
ਮੌਕੇ ‘ਤੇ ਪਹੁੰਚੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਟਾਕ ਦੀ ਕੋਈ ਘਾਟ ਨਹੀਂ ਹੈ ਅਤੇ ਮੌਜੂਦਾ ਸਮੇਂ ਵਿੱਚ ਏਜੰਸੀ ਕੋਲ ਲਗਭਗ 450 ਸਿਲੰਡਰ ਉਪਲਬਧ ਹਨ। ਉਨ੍ਹਾਂ ਨੇ ਏਜੰਸੀ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਸਹੀ ਪਲਾਨਿੰਗ ਅਤੇ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਆਮ ਜਨਤਾ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਪ੍ਰਸ਼ਾਸਨ ਨੇ ਸਾਫ਼ ਕੀਤਾ ਕਿ ਜੇਕਰ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।



