ਗੁਰਦਾਸਪੁਰ : ਸ਼ਹਿਰ ਦੀਆਂ ਸੜਕਾਂ ‘ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੇ ਈ-ਰਿਕਸ਼ਾ ਅਤੇ ਜੁਗਾੜੂ ਰੇਹੜੇ ਆਮ ਜਨਤਾ ਦੀ ਜਾਨ ਲਈ ਖ਼ਤਰਾ ਬਣਦੇ ਜਾ ਰਹੇ ਹਨ। ਇਹ ਵਾਹਨ ਨਾ ਸਿਰਫ਼ ਟ੍ਰੈਫਿਕ ਵਿਵਸਥਾ ਨੂੰ ਵਿਗਾੜ ਰਹੇ ਹਨ, ਸਗੋਂ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਰਿਫਲੈਕਟਰਾਂ ਦੇ ਚੱਲਣ ਕਾਰਨ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਗੰਭੀਰ ਮੁੱਦੇ ਨੂੰ ਦੇਖਦਿਆਂ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਹੁਣ ਓਵਰਲੋਡਿਡ ਅਤੇ ਓਵਰ-ਲੈਂਥ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢ ਦਿੱਤੀ ਹੈ।
20 ਹਜ਼ਾਰ ਦੇ ਚਲਾਨ ‘ਤੇ ਪਿਆ ਰੌਲਾ (Overloaded e-rickshaw)
ਬੀਤੇ ਦਿਨੀਂ ਟ੍ਰੈਫਿਕ ਪੁਲਿਸ ਵੱਲੋਂ ਇੱਕ ਓਵਰਲੋਡਿਡ ਈ-ਰਿਕਸ਼ਾ ਦਾ 20 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ ਸੀ, ਜਿਸ ‘ਤੇ ਕਾਫ਼ੀ ਹੰਗਾਮਾ ਹੋਇਆ। ਲੋਕਾਂ ਵੱਲੋਂ ਤਰਕ ਦਿੱਤਾ ਗਿਆ ਕਿ ਇੱਕ ਗਰੀਬ ਰਿਕਸ਼ਾ ਚਾਲਕ ‘ਤੇ ਇੰਨਾ ਵੱਡਾ ਜੁਰਮਾਨਾ ਕਿਉਂ ਲਗਾਇਆ ਗਿਆ? ਹਾਲਾਂਕਿ, ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਰਿਕਸ਼ਾ ਸ਼ਹਿਰ ਦੇ ਇੱਕ ਵੱਡੇ ਵਪਾਰੀ ਦਾ ਸੀ। ਅਕਸਰ ਦੇਖਿਆ ਗਿਆ ਹੈ ਕਿ ਸ਼ਹਿਰ ਦੇ ਵੱਡੇ ਕਾਰੋਬਾਰੀਆਂ ਨੇ ਸਮਾਨ ਦੀ ਢੋਆ-ਢੁਆਈ ਲਈ ਅਜਿਹੇ ਈ-ਰਿਕਸ਼ਾ ਅਤੇ ਜੁਗਾੜੂ ਰੇਹੜੇ ਰੱਖੇ ਹੋਏ ਹਨ, ਜੋ ਓਵਰਲੈਂਥ ਲੋਹੇ ਦਾ ਸਰੀਆ ਅਤੇ ਹੋਰ ਭਾਰੀ ਸਮਾਨ ਲੱਦ ਕੇ ਸੜਕਾਂ ‘ਤੇ ਮੌਤ ਬਣ ਕੇ ਦੌੜਦੇ ਹਨ।
ਜੁਗਾੜੂ ਰੇਹੜੇ: ਰਾਤ ਸਮੇਂ ਸਭ ਤੋਂ ਵੱਡਾ ਖ਼ਤਰਾ
ਟ੍ਰੈਫਿਕ ਇੰਚਾਰਜ ਅਨੁਸਾਰ, ਇਹਨਾਂ ਜੁਗਾੜੂ ਰੇਹੜੀਆਂ ‘ਤੇ ਕੋਈ ਲਾਈਟ ਜਾਂ ਰਿਫਲੈਕਟਰ ਨਹੀਂ ਹੁੰਦਾ। ਰਾਤ ਦੇ ਹਨੇਰੇ ਵਿੱਚ ਇਹ ਵਾਹਨ ਦੂਰੋਂ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਦੂਜੇ ਵਾਹਨ ਚਾਲਕ ਇਹਨਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਈ-ਰਿਕਸ਼ਾ ਬਿਨਾਂ ਰਜਿਸਟ੍ਰੇਸ਼ਨ ਨੰਬਰ ਤੋਂ ਹੀ ਸ਼ਹਿਰ ਵਿੱਚ ਚੱਲ ਰਹੇ ਹਨ, ਜਿਸ ਕਾਰਨ ਕੋਈ ਹਾਦਸਾ ਹੋਣ ‘ਤੇ ਉਹਨਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ।
ਟ੍ਰੈਫਿਕ ਪੁਲਿਸ ਦੀ ਚੇਤਾਵਨੀ
ਮੁਹਿੰਮ ਦੇ ਦੂਜੇ ਦਿਨ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਕਈ ਵਾਹਨ ਚਾਲਕਾਂ ਨੂੰ ਰੋਕ ਕੇ ਚੇਤਾਵਨੀ ਦੇ ਕੇ ਛੱਡ ਦਿੱਤਾ। ਉਹਨਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਮਸ਼ੀਨ ਨਿਯਮਾਂ ਅਨੁਸਾਰ ਭਾਰੀ ਜੁਰਮਾਨਾ ਕਰਦੀ ਹੈ, ਤਾਂ ਇਸ ਵਿੱਚ ਪੁਲਿਸ ਦਾ ਕੋਈ ਦੋਸ਼ ਨਹੀਂ ਹੈ। ਉਹਨਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੋਟੇ ਚਲਾਨ ਕੱਟੇ ਜਾਣਗੇ। ਉਹਨਾਂ ਨੇ ਸ਼ਹਿਰ ਦੇ ਵਪਾਰੀਆਂ ਅਤੇ ਰੇਹੜੀ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਿਤ ਸੀਮਾ ਤੋਂ ਵੱਧ ਸਮਾਨ ਨਾ ਲੱਦਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :
ਸਰਕਾਰੀ ਐਂਬੂਲੈਂਸ ਵਿੱਚ ਚੱਲ ਰਿਹਾ ਸੀ ਨਸ਼ੇ ਦਾ ਕਾਰੋਬਾਰ, ਪੁਲਿਸ ਨੇ 3 ਨੌਜਵਾਨਾਂ ਨੂੰ ਹੈਰੋਇਨ ਸਮੇਤ ਦਬੋਚਿਆ



