ਗੁਰਦਾਸਪੁਰ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਇਲਾਕਿਆਂ ਵਿੱਚ ਸਰਗਰਮੀ ਵਧਾ ਦਿੱਤੀ ਹੈ। ਇਸੇ ਲੜੀ ਤਹਿਤ ਪੁਲਿਸ ਵੱਲੋਂ ਨਸ਼ਿਆਂ ਲਈ ਬਦਨਾਮ ਮੰਨੇ ਜਾਂਦੇ ਪਿੰਡ ਪਨਿਆੜ ਵਿੱਚ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੀ ਅਗਵਾਈ ਖ਼ੁਦ ਐਸ.ਐਸ.ਪੀ. ਆਦਿਤਿਆ ਨੇ ਕੀਤੀ।
ਪਨਿਆੜ ‘ਚ ਘਰ–ਘਰ ਤਲਾਸ਼ੀ: SSP ਨੇ ਖ਼ੁਦ ਸੰਭਾਲੀ ਕਮਾਨ
ਜ਼ਿਲ੍ਹਾ ਪੁਲਿਸ ਮੁਖੀ ਆਦਿਤਿਆ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੁਲਿਸ ਫੋਰਸ ਨੇ ਪਿੰਡ ਪਨਿਆੜ ਦੇ ‘ਹੌਟ-ਸਪੋਟ’ ਇਲਾਕਿਆਂ ਨੂੰ ਘੇਰ ਕੇ ਗਹਿਰਾਈ ਨਾਲ ਚੈਕਿੰਗ ਕੀਤੀ। ਐਸ.ਐਸ.ਪੀ. ਨੇ ਦੱਸਿਆ ਕਿ ‘ਪ੍ਰਹਾਰ-2’ ਮੁਹਿੰਮ ਦਾ ਮੁੱਖ ਮਕਸਦ ਨਸ਼ਾ ਵੇਚਣ ਵਾਲਿਆਂ ਦੇ ਨੈੱਟਵਰਕ ਨੂੰ ਤੋੜਨਾ ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣਾ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਹੁਣ ਤੱਕ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 70 ਦੇ ਕਰੀਬ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ।
ਸਰਪੰਚ ਦਾ ਦਾਅਵਾ: ਪੁਲਿਸ ਦੀ ਸਖ਼ਤੀ ਦਾ ਦਿਖਿਆ ਅਸਰ
ਪਿੰਡ ਦੇ ਸਰਪੰਚ ਵਰਿੰਦਰ ਸਿੰਘ ਨੇ ਪੁਲਿਸ ਦੀ ਕਾਰਵਾਈ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਹਾਲਾਤ ਕਾਫੀ ਬਦਲ ਗਏ ਹਨ। ਉਨ੍ਹਾਂ ਕਿਹਾ, “ਬੇਸ਼ੱਕ ਨਸ਼ਾ ਪੂਰੀ ਤਰ੍ਹਾਂ ਜੜ੍ਹੋਂ ਖ਼ਤਮ ਨਹੀਂ ਹੋਇਆ, ਪਰ ਪੁਲਿਸ ਦੀ ਲਗਾਤਾਰ ਸਖ਼ਤੀ ਕਾਰਨ 80 ਫੀਸਦੀ ਫਰਕ ਪੈ ਗਿਆ ਹੈ।” ਸਰਪੰਚ ਨੇ ਮੰਨਿਆ ਕਿ ਪਿੰਡ ਦੇ ਕੁਝ ਨੌਜਵਾਨ ਅਜੇ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹਨ, ਜਿਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਪੰਚਾਇਤ ਵੱਲੋਂ ਨਸ਼ਾ ਛੁੜਾਓ ਕੇਂਦਰਾਂ ਵਿੱਚ ਭਰਤੀ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਸਰਹੱਦੀ ਨਾਕੇਬੰਦੀ ਤੇ ਤਲਾਸ਼ੀ ਅਭਿਆਨ ਤੇਜ਼
ਗੁਰਦਾਸਪੁਰ ਪੁਲਿਸ ਵੱਲੋਂ ਨਾ ਸਿਰਫ਼ ਪਿੰਡਾਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ, ਸਗੋਂ ਸਰਹੱਦੀ ਰਸਤਿਆਂ ‘ਤੇ ਵੀ ਨਾਕੇਬੰਦੀ ਸਖ਼ਤ ਕਰ ਦਿੱਤੀ ਗਈ ਹੈ। ਐਸ.ਐਸ.ਪੀ. ਆਦਿਤਿਆ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ‘ਹੌਟ-ਸਪੋਟ’ ਇਲਾਕਿਆਂ ਵਿੱਚ ਅਜਿਹੀਆਂ ਹੋਰ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਵੇਚਣ ਵਾਲਿਆਂ ਬਾਰੇ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਸੂਚਨਾ ਦੇਣ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Wrath on Dausa Highway: ਵਿਆਹ ਤੋਂ ਪਰਤ ਰਹੇ 5 ਸਕੇ ਭਰਾਵਾਂ ਸਣੇ 6 ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



