ਕਰਨਾਲ (ਇੰਟ.)- ਗੰਗਾ ਰਾਮ ਪੁਨੀਆ ਐੱਸ.ਪੀ. ਕਰਨਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਕਿਸਾਨ ਮਹਾ ਪੰਚਾਇਤ ਦੇ ਮੱਦੇਨਜ਼ਰ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਕੀਤੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 40 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। ਜਨਤਕ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀਆਂ ਹਨ। ਕਿਸਾਨ ਮਹਾ ਪੰਚਾਇਤ ਦੇ ਅੱਗੇ ਕਰਨਾਲ ‘ਚ ਸੁਰੱਖਿਆ ਕੀਤੀ ਸਖ਼ਤ। ਰਾਜ ਸਰਕਾਰ ਨੇ ”ਭੜਕਾਹਟ ਸਮਗਰੀ ਅਤੇ ਅਫ਼ਵਾਹਾਂ ਦੇ ਪ੍ਰਸਾਰ” ਨੂੰ ਰੋਕਣ ਲਈ ਅੱਜ ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਅਤੇ ਐੱਸ.ਐਮ.ਐੱਸ. ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕਿਸਾਨਾਂ ’ਤੇ ਹੋਏ ਲਾਠੀਚਾਰਜ ਖ਼ਿਲਾਫ਼ ਖੱਟਰ ਸਰਕਾਰ ਨੂੰ ਦਿੱਤੇ ਅਲਟੀਮੇਟਮ ਤੋਂ ਬਾਅਦ ਅੱਜ ਕਰਨਾਲ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।
Read more- ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ 31,222 ਨਵੇਂ ਕੋਰੋਨਾ ਮਾਮਲੇ ਆਏ, 290 ਮੌਤਾਂ
ਸਾਰੀਆਂ ਕਿਸਾਨ ਜਥੇਬੰਦੀਆਂ ਕਰਨਾਲ ਅਨਾਜ ਮੰਡੀ ਵਿੱਚ ਇਕੱਠੇ ਹੋਣ ਮਗਰੋਂ ਸਕੱਤਰੇਤ ਵੱਲ ਕੂਚ ਕਰਨਗੀਆਂ। ਕਰਨਾਲ ਜ਼ਿਲ੍ਹੇ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੰਟਰਨੈੱਟ ਅਤੇ ਐੱਸਐਮਐੱਸ ਸੇਵਾਵਾਂ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ’ਚ ਸੋਮਵਾਰ ਦੁਪਹਿਰ 12 ਵਜੇ ਤੋਂ ਮੰਗਲਵਾਰ ਰਾਤ 12 ਵਜੇ ਤੱਕ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਦਿਆਂ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੇ ਜਵਾਨਾਂ ਦੀ ਟੁੱਕੜੀ ਨੂੰ ਸੱਦਿਆ ਹੈ ਜਿਸ ਵਿੱਚ 620 ਜਵਾਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਐੱਸਪੀ, ਡੀਐੱਸਪੀ, ਇੰਸਪੈਕਟਰ ਅਤੇ ਹਰਿਆਣਾ ਪੁਲਿਸ ਦੇ ਸੈਂਕੜੇ ਜਵਾਨ ਤਾਇਨਾਤ ਕੀਤੇ ਗਏ ਹਨ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨੈਸ਼ਨਲ ਹਾਈਵੇਅ-44 ਰਾਹੀਂ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਰੂਟ ਨੂੰ ਕਰਨਾਲ ਤੋਂ ਪਹਿਲਾਂ ਹੀ ਬਦਲ ਦਿੱਤਾ ਹੈ।




