ਢਾਕਾ : ਬੰਗਲਾਦੇਸ਼ ਦੇ ਸ਼ਰੀਅਤਪੁਰ ਜ਼ਿਲ੍ਹੇ ਦੇ ਦਾਮੁਦਿਆ ਇਲਾਕੇ ਵਿੱਚ ਬੁੱਧਵਾਰ ਰਾਤ ਨੂੰ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਰ ਪਰਤ ਰਹੇ ਇੱਕ ਹਿੰਦੂ ਕਾਰੋਬਾਰੀ ‘ਤੇ ਅਣਪਛਾਤੇ ਹਮਲਾਵਰਾਂ ਨੇ ਨਾ ਸਿਰਫ਼ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਗੰਭੀਰ ਹਾਲਤ ਵਿੱਚ ਕਾਰੋਬਾਰੀ ਨੂੰ ਇਲਾਜ ਲਈ ਢਾਕਾ ਰੈਫਰ ਕੀਤਾ ਗਿਆ ਹੈ।
ਦੁਕਾਨ ਤੋਂ ਘਰ ਪਰਤਦੇ ਸਮੇਂ ਹੋਇਆ ਹਮਲਾ
ਜ਼ਖਮੀ ਕਾਰੋਬਾਰੀ ਦੀ ਪਛਾਣ ਖੋਕਨ ਚੰਦਰ ਦਾਸ (50) ਵਜੋਂ ਹੋਈ ਹੈ, ਜੋ ਕਿ ਕੇਉਰਭੰਗਾ ਬਾਜ਼ਾਰ ਵਿੱਚ ਦਵਾਈਆਂ ਅਤੇ ਮੋਬਾਈਲ ਬੈਂਕਿੰਗ ਦਾ ਕਾਰੋਬਾਰ ਕਰਦਾ ਹੈ। ਪੁਲਿਸ ਅਨੁਸਾਰ, ਬੁੱਧਵਾਰ ਰਾਤ ਕਰੀਬ 9:30 ਵਜੇ ਜਦੋਂ ਖੋਕਨ ਆਪਣੀ ਦੁਕਾਨ ਬੰਦ ਕਰਕੇ ਸੀ.ਐਨ.ਜੀ. ਆਟੋ ਰਾਹੀਂ ਘਰ ਜਾ ਰਿਹਾ ਸੀ, ਤਾਂ ਕੁਝ ਬਦਮਾਸ਼ਾਂ ਨੇ ਰਸਤੇ ਵਿੱਚ ਉਸ ਦਾ ਆਟੋ ਰੋਕ ਲਿਆ। ਹਮਲਾਵਰਾਂ ਨੇ ਪਹਿਲਾਂ ਉਸ ਦੀ ਰੱਜ ਕੇ ਕੁੱਟਮਾਰ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ।
ਸਿਰ ‘ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼
ਹਮਲਾਵਰਾਂ ਦੀ ਦਰਿੰਦਗੀ ਇੱਥੇ ਹੀ ਨਹੀਂ ਰੁਕੀ। ਗੰਭੀਰ ਜ਼ਖਮੀ ਹਾਲਤ ਵਿੱਚ ਖੋਕਨ ਦੇ ਸਿਰ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਗਈ। ਆਪਣੀ ਜਾਨ ਬਚਾਉਣ ਲਈ ਖੋਕਨ ਤੁਰੰਤ ਸੜਕ ਦੇ ਕਿਨਾਰੇ ਬਣੇ ਇੱਕ ਤਲਾਅ ਵਿੱਚ ਕੁੱਦ ਗਿਆ। ਸਥਾਨਕ ਲੋਕਾਂ ਦਾ ਇਕੱਠ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਉੱਚੇਰੀ ਸੰਭਾਲ ਲਈ ਢਾਕਾ ਭੇਜ ਦਿੱਤਾ ਗਿਆ ਹੈ।
ਦੋ ਮੁਲਜ਼ਮਾਂ ਦੀ ਹੋਈ ਪਛਾਣ, ਪੁਲਿਸ ਵੱਲੋਂ ਛਾਪੇਮਾਰੀ ਜਾਰੀ
ਦਾਮੁਦਿਆ ਥਾਣੇ ਦੇ ਇੰਚਾਰਜ ਮੁਹੰਮਦ ਰਬੀਉਲ ਹੱਕ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਵਿੱਚ ਦੋ ਸਥਾਨਕ ਨੌਜਵਾਨਾਂ, ਰੱਬੀ ਅਤੇ ਸੋਹਾਗ, ਦੀ ਪਛਾਣ ਹਮਲਾਵਰਾਂ ਵਜੋਂ ਹੋਈ ਹੈ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਹਮਲੇ ਪਿੱਛੇ ਲੁੱਟ-ਖੋਹ ਦਾ ਇਰਾਦਾ ਸੀ ਜਾਂ ਕੋਈ ਪੁਰਾਣੀ ਰੰਜਿਸ਼।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/terrible-accident-an-unidentified-vehicle-crushed-a-farmer-riding-a-motorcycle-the-sole-breadwinner-of-the-family-died/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

