ਅਬੋਹਰ : ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ, ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ। ਦੱਸ ਦੇਈਏ ਕਿ ਕਰਨਾਟਕ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਕਰੀਬ 2100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਬੋਹਰ ਦੇ ਨੌਜਵਾਨ ਕੋਲ ਪਹੁੰਚ ਗਈ। ਦੋਵਾਂ ਦੀ ਮੁਲਾਕਾਤ ਇੱਕ ਆਨਲਾਈਨ ਗੇਮ ‘ਫ੍ਰੀ ਫਾਇਰ’ ਰਾਹੀਂ ਹੋਈ ਸੀ, ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ।
ਕਰਨਾਟਕ ਪੁਲਿਸ ਨੂੰ ਪਰਤਣਾ ਪਿਆ ਖਾਲੀ ਹੱਥ
ਮਹਿਲਾ ਤੇ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਕਰਨਾਟਕ ਪੁਲਿਸ ਅਬੋਹਰ ਦੀ ਸਿਟੀ-2 ਪੁਲਿਸ ਨੂੰ ਨਾਲ ਲੈ ਕੇ ਨੌਜਵਾਨ ਦੇ ਘਰ ਪਹੁੰਚੀ। ਪਰ ਜਦੋਂ ਪੁਲਿਸ ਨੇ ਚਾਂਦਨੀ ਦੇ ਬਿਆਨ ਦਰਜ ਕੀਤੇ, ਤਾਂ ਉਸ ਨੇ ਵਾਪਸ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਆਈ ਹੈ ਅਤੇ ਹੁਣ ਸੋਨੂੰ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ। ਲੜਕੀ ਦੇ ਅੜੀਅਲ ਰੁਖ਼ ਨੂੰ ਦੇਖਦੇ ਹੋਏ ਕਰਨਾਟਕ ਪੁਲਿਸ ਨੂੰ ਬੇਰੰਗ ਵਾਪਸ ਪਰਤਣਾ ਪਿਆ।
ਆਨਲਾਈਨ ਗੇਮ ਤੋਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ
ਪੀੜਤ ਚਾਂਦਨੀ ਨੇ ਦੱਸਿਆ ਕਿ ਉਸ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਕਰੀਬ ਇੱਕ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਵਿਹਲੇ ਸਮੇਂ ਵਿੱਚ ਮੋਬਾਈਲ ‘ਤੇ ‘ਫ੍ਰੀ ਫਾਇਰ’ ਗੇਮ ਖੇਡਦੇ ਹੋਏ ਉਸ ਦੀ ਪਛਾਣ ਅਬੋਹਰ ਦੇ ਠਾਕਰ ਆਬਾਦੀ ਨਿਵਾਸੀ ਸੋਨੂੰ ਨਾਲ ਹੋਈ। ਪੰਜ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ। 8 ਜਨਵਰੀ ਨੂੰ ਚਾਂਦਨੀ ਆਪਣੀ ਮਾਂ ਨੂੰ ਝੂਠ ਬੋਲ ਕੇ ਘਰੋਂ ਨਿਕਲੀ ਅਤੇ ਦਿੱਲੀ ਹੁੰਦੇ ਹੋਏ 12 ਜਨਵਰੀ ਨੂੰ ਅਬੋਹਰ ਪਹੁੰਚ ਗਈ।
ਮੁੰਡੇ ਦੇ ਪਰਿਵਾਰ ਨੇ ਵੀ ਦਿੱਤਾ ਸਾਥ
ਨੌਜਵਾਨ ਸੋਨੂੰ ਦੇ ਪਰਿਵਾਰ ਨੇ ਵੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੈ। ਸੋਨੂੰ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿੱਚ ਯੂਪੀ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 18 ਸਾਲਾਂ ਤੋਂ ਅਬੋਹਰ ਵਿੱਚ ਕਿਰਾਏ ‘ਤੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਇਸ ਰਿਸ਼ਤੇ ਤੋਂ ਖ਼ੁਸ਼ ਹੈ, ਤਾਂ ਉਨ੍ਹਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਚਾਂਦਨੀ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਅਤੇ ਆਪਣੇ ਪਿਆਰ ਲਈ ਇਹ ਵੱਡਾ ਕਦਮ ਚੁੱਕ ਕੇ ਇੱਥੇ ਆਈ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਲੁਟੇਰਿਆਂ ਦੇ ਹੌਸਲੇ ਬੁਲੰਦ: ਕੰਮ ਤੋਂ ਘਰ ਪਰਤ ਰਹੀਆਂ ਦੋ ਕੁੜੀਆਂ ਤੋਂ ਆਈਫੋਨ ਅਤੇ ਨਕਦੀ ਖੋਹ ਕੇ ਫ਼ਰਾਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



