ਕ੍ਰਾਂਸ-ਮੋਂਟਾਨਾ: ਸਵਿਟਜ਼ਰਲੈਂਡ ਦੇ ਮਸ਼ਹੂਰ ਸਕੀ ਰਿਜ਼ੌਰਟ ਕ੍ਰਾਂਸ-ਮੋਂਟਾਨਾ ਵਿੱਚ ਨਵੇਂ ਸਾਲ ਦਾ ਜਸ਼ਨ ਉਸ ਸਮੇਂ ਮਾਤਮ ਵਿੱਚ ਬਦਲ ਗਿਆ, ਜਦੋਂ ਇੱਕ ਬਾਰ ਵਿੱਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਅਜੇ ਵੀ ਬਣਿਆ ਹੋਇਆ ਹੈ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਾਦਸਾ ‘ਫਲੈਸ਼ਓਵਰ’ (Flashover) ਕਾਰਨ ਵਾਪਰਿਆ ਹੋ ਸਕਦਾ ਹੈ, ਜਿਸ ਕਰਕੇ ਅੱਗ ਨੇ ਪਲਕ ਝਪਕਦਿਆਂ ਹੀ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਲੇ ਕੌਨਸਟੇਲੇਸ਼ਨ’ ਬਾਰ ਵਿੱਚ ਵਾਪਰਿਆ ਹਾਦਸਾ
ਅਧਿਕਾਰੀਆਂ ਨੇ ਦੱਸਿਆ ਕਿ ਇਹ ਦਰਦਨਾਕ ਘਟਨਾ ਵੈਲੇ ਕੈਂਟਨ ਦੇ ਅਲਪਾਈਨ ਰਿਜ਼ੌਰਟ ਵਿੱਚ ਸਥਿਤ ‘ਲੇ ਕੌਨਸਟੇਲੇਸ਼ਨ’ (Le Constellation) ਬਾਰ ਵਿੱਚ ਵਾਪਰੀ। ਨਵੇਂ ਸਾਲ ਦੇ ਜਸ਼ਨ ਕਾਰਨ ਬਾਰ ਵਿੱਚ ਕਾਫ਼ੀ ਭੀੜ ਸੀ। ਚਸ਼ਮਦੀਦਾਂ ਅਨੁਸਾਰ, ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ ਕਈ ਐਂਬੂਲੈਂਸਾਂ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਸਨ, ਜੋ ਪੂਰੀ ਰਾਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਜੁਟੇ ਰਹੇ।
ਕੀ ਹੁੰਦਾ ਹੈ ‘ਫਲੈਸ਼ਓਵਰ’?
ਅਮਰੀਕਨ ਨੈਸ਼ਨਲ ਫਾਇਰ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ‘ਫਲੈਸ਼ਓਵਰ’ ਇੱਕ ਅਜਿਹੀ ਸਥਿਤੀ ਹੈ ਜਦੋਂ ਕਿਸੇ ਬੰਦ ਥਾਂ ਅੰਦਰ ਗਰਮ ਗੈਸਾਂ ਛੱਤ ਤੱਕ ਪਹੁੰਚ ਜਾਂਦੀਆਂ ਹਨ ਅਤੇ ਤਾਪਮਾਨ ਇੰਨਾ ਵੱਧ ਜਾਂਦਾ ਹੈ ਕਿ ਕਮਰੇ ਵਿੱਚ ਮੌਜੂਦ ਹਰ ਜਲਣਸ਼ੀਲ ਚੀਜ਼ ਇੱਕੋ ਸਮੇਂ ਅੱਗ ਫੜ ਲੈਂਦੀ ਹੈ। ਵੈਲੇ ਕੈਂਟਨ ਦੀ ਅਟਾਰਨੀ ਜਨਰਲ ਬੇਆਤ੍ਰਿਸ ਪਿਲੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਾਂਚ ਏਜੰਸੀਆਂ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਹੀਆਂ ਹਨ ਕਿ ਕੀ ਫਲੈਸ਼ਓਵਰ ਕਾਰਨ ਹੀ ਕੋਈ ਧਮਾਕਾ ਹੋਇਆ ਸੀ।
ਦਹਿਸ਼ਤਗਰਦੀ ਦੇ ਹਮਲੇ ਤੋਂ ਇਨਕਾਰ
ਸਵਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਇਸ ਘਟਨਾ ਦੇ ਪਿੱਛੇ ਕਿਸੇ ਅੱਤਵਾਦੀ ਸਾਜ਼ਿਸ਼ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਸਬੂਤ ਇਕੱਠੇ ਕਰ ਰਹੀਆਂ ਹਨ। ਹਾਦਸੇ ਵਾਲੀ ਥਾਂ ਤੋਂ ਮਿਲੇ ਮੋਬਾਈਲ ਫੋਨਾਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ‘ਤੇ ਘਟਨਾ ਦੇ ਸਹੀ ਕ੍ਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ, ਕਿਉਂਕਿ ਸ਼ਨਾਖਤ ਦੀ ਪ੍ਰਕਿਰਿਆ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/switzerland-blast-massive-explosion-in-restaurant-in-ski-resort-town-many-deaths-feared/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



