ਸੋਲਨ : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਅਧੀਨ ਪੈਂਦੇ ਅਰਕੀ ਬਾਜ਼ਾਰ ਵਿੱਚ ਦੇਰ ਰਾਤ ਵਾਪਰੇ ਇੱਕ ਭਿਆਨਕ ਅਗਨੀਕਾਂਡ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਰਾਣੇ ਬੱਸ ਸਟੈਂਡ ਨੇੜੇ ਸਥਿਤ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਅਤੇ ਵਪਾਰਕ ਇਮਾਰਤ ਵਿੱਚ ਲੱਗੀ ਅੱਗ ਕਾਰਨ ਕਰੋੜਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ਵਿੱਚ ਹੁਣ ਤੱਕ ਇੱਕ ਬੱਚੇ ਸਮੇਂਤ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਹੋਰਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ।
ਅੱਧੀ ਰਾਤ ਨੂੰ ਹੋਇਆ ਧਮਾਕਾ
ਜਾਣਕਾਰੀ ਮੁਤਾਬਕ ਅੱਗ ਲਗਭਗ ਰਾਤ ਦੇ 1 ਵਜੇ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਵਿੱਚ ਰੱਖੇ ਗੈਸ ਸਿਲੰਡਰ ਇੱਕ-ਇੱਕ ਕਰਕੇ ਫਟਣ ਲੱਗੇ, ਜਿਸ ਕਾਰਨ ਰਾਹਤ ਕਾਰਜਾਂ ਵਿੱਚ ਭਾਰੀ ਮੁਸ਼ਕਲ ਆਈ। ਦੇਖਦੇ ਹੀ ਦੇਖਦੇ ਅੱਗ ਨੇ ਆਸ-ਪਾਸ ਦੀਆਂ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਵੇਰੇ 7 ਵਜੇ ਤੱਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਸੀ।
ਮਲਬੇ ਵਿੱਚੋਂ ਮਿਲੇ ਲਾਸ਼ਾਂ ਦੇ ਅਵਸ਼ੇਸ਼, ਇੱਕ ਬੱਚੇ ਨੇ ਹਸਪਤਾਲ ਤੋੜਿਆ ਦਮ
ਐਸ.ਪੀ. ਸੋਲਨ ਗੌਰਵ ਸਿੰਘ ਅਨੁਸਾਰ, ਹਾਦਸੇ ਵੇਲੇ ਇਮਾਰਤ ਵਿੱਚ ਕੁੱਲ 10 ਲੋਕ ਮੌਜੂਦ ਸਨ। ਬਚਾਅ ਟੀਮ ਨੇ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਬਾਹਰ ਕੱਢਿਆ ਸੀ, ਪਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। SDRF ਦੀਆਂ ਟੀਮਾਂ ਨੂੰ ਮਲਬੇ ਵਿੱਚੋਂ ਤਿੰਨ ਹੋਰ ਵਿਅਕਤੀਆਂ ਦੇ ਸਰੀਰਕ ਅਵਸ਼ੇਸ਼ ਬਰਾਮਦ ਹੋਏ ਹਨ, ਜਿਨ੍ਹਾਂ ਦੀ ਪਛਾਣ ਲਈ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਅਜੇ ਵੀ 6 ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
NDRF ਤੇ SDRF ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ NDRF, SDRF, ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਤਾਇਨਾਤ ਹਨ। ਅਰਕੀ, ਸੋਲਨ, ਨਾਲਾਗੜ੍ਹ ਅਤੇ ਅੰਬੂਜਾ ਸੀਮਿੰਟ ਪਲਾਂਟ ਤੋਂ ਫਾਇਰ ਟੈਂਡਰ ਮੰਗਵਾਏ ਗਏ ਹਨ। ਮਲਬਾ ਹਟਾਉਣ ਲਈ ਭਾਰੀ ਮਸ਼ੀਨਰੀ ਅਤੇ ਜੇ.ਸੀ.ਬੀ. ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਮੁਤਾਬਕ ਅੱਗ ਹੁਣ ਕਾਬੂ ਹੇਠ ਹੈ, ਪਰ ਮਲਬੇ ਹੇਠੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/amritsar-encounter-money-prince-injured-in-ropar-big-drug-and-robbery-network-busted/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



